-ਬਸਪਾ ਨੇ ਸ਼ੁਰੂ ਕੀਤੀ ‘ਬੂਥ ਕਰੋ ਮਜ਼ਬੂਤ’ ਮੁਹਿੰਮ
–ਲੋਕਸਭਾ ਚੋਣਾਂ ਜਿੱਤ ਕੇ ਭੈਣ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਟੀਚਾ
ਜਲੰਧਰ (ਸਮਾਜ ਵੀਕਲੀ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸਮੀਖਿਆ ਮੀਟਿੰਗ ਪਾਰਟੀ ਦਫਤਰ ਜਲੰਧਰ ਵਿਖੇ ਕੀਤੀ ਗਈ। ਇਸ ਵਿੱਚ ਡਾ. ਮੇਘਰਾਜ ਸਿੰਘ ਇੰਚਾਰਜ ਪੰਜਾਬ, ਚੰਡੀਗੜ ਤੇ ਹਰਿਆਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਰਣਧੀਰ ਸਿੰਘ ਬੈਨੀਵਾਲ ਇੰਚਾਰਜ ਪੰਜਾਬ ਚੰਡੀਗੜ ਵਿਸ਼ੇਸ਼ ਮਹਿਮਾਨ ਵਜੋਂ ਮੀਟਿੰਗ ‘ਚ ਪਹੁੰਚੇ। ਮੀਟਿੰਗ ਦੀ ਪ੍ਰਧਾਨਗੀ ਬਸਪਾ ਸੂਬਾ ਪ੍ਰਧਾਨ ਸ. ਰਸ਼ਪਾਲ ਸਿੰਘ ਰਾਜੂ ਨੇ ਕੀਤੀ, ਜਦਕਿ ਇਸ ਮੌਕੇ ਚੌਧਰੀ ਖੁਸ਼ੀ ਰਾਮ ਰਿਟਾ. ਆਈਏਐਸ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਇਸ ਮੀਟਿੰਗ ਵਿੱਚ ‘ਬੂਥ ਕਰੋ ਮਜ਼ਬੂਤ’ ਮੁਹਿੰਮ ਸ਼ੁਰੂ ਕੀਤੀ ਗਈ। ਮੀਟਿੰਗ ‘ਚ ਬੂਥ ਲੈਵਲ ਤੋਂ ਲੈ ਕੇ ਸੈਕਟਰ ਲੈਵਲ ਅਤੇ ਪਾਰਲੀਮੈਂਟ ਦੇ ਹਲਕਿਆਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਡਾ. ਮੇਘਰਾਜ ਸਿੰਘ ਨੇ ਕਿਹਾ ਕਿ ਪਿੰਡਾਂ-ਪਿੰਡਾਂ ਤੱਕ ਪਹੁੰਚ ਕਰਕੇ ਬਸਪਾ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। ਸੂਬੇ ਦੇ ਲੋਕਾਂ ਦਾ ਅਕਾਲੀ-ਭਾਜਪਾ ਤੇ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਉਹ 2019 ‘ਚ ਭੈਣ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਬਸਪਾ ਦੇ ਨਾਲ ਆ ਰਹੇ ਹਨ।
ਬੀਤੇ ਸਮੇਂ ਵਿੱਚ ਵੱਡੀ ਗਿਣਤੀ ‘ਚ ਦੂਜੀਆਂ ਪਾਰਟੀਆਂ ਦੇ ਆਗੂ ਤੇ ਵਰਕਰ ਬਸਪਾ ‘ਚ ਸ਼ਾਮਲ ਹੋ ਚੁੱਕੇ ਹਨ। ਇਸੇ ਲੜੀ ਅੰਬੇਡਕਰਾਈਟ ਲੇਖਕ ਲਾਹੌਰੀ ਰਾਮ ਬਾਲੀ ਦੇ ਬੇਟੇ ਡਾ. ਰਾਹੁਲ ਬਾਲੀ ਵੀ ਬਸਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਜਲੰਧਰ ਲੋਕਸਭਾ ਹਲਕੇ ਦਾ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਅਕਾਲੀ ਦਲ ਐਸਸੀ ਵਿੰਗ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਉਪਪ੍ਰਧਾਨ ਦਰਸ਼ਨ ਮੰਡ ਵੀ ਸਾਥੀਆਂ ਸਮੇਤ ਬਸਪਾ ਵਿੱਚ ਸ਼ਾਮਲ ਹੋ ਗਏ।
ਬਸਪਾ ਸੂਬਾ ਇੰਚਾਰਜ ਡਾ. ਮੇਘਰਾਜ ਸਿੰਘ ਨੇ ਬਸਪਾ ਸੰਗਠਨ ਦੀ ਸਮੀਖਿਆ ਕੀਤੀ। ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ, ਫਿਰੋਜ਼ਪੁਰ, ਪਟਿਆਲਾ ਤੇ ਫਾਜ਼ਿਲਕਾ ਦੀਆਂ ਜ਼ਿਲ੍ਹਾ ਕਮੇਟੀਆਂ ਨੂੰ ਭੰਗ ਕਰਕੇ ਨਵੀਆਂ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਇਸੇ ਤਰ੍ਹਾਂ ਹੀ ਨਵਾਂਸ਼ਹਿਰ ਜ਼ਿਲ੍ਹੇ ਦੇ ਪ੍ਰਧਾਨ ਨੂੰ ਵੀ ਅਹੁਦਾ ਮੁਕਤ ਕਰ ਦਿੱਤਾ ਗਿਆ।
ਬਸਪਾ ਸੂਬਾ ਇੰਚਾਰਜ ਰਣਧੀਰ ਬੈਨੀਵਾਲ ਤੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਪਿੰਡ-ਪਿੰਡ ਜਾ ਕੇ ਬਸਪਾ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ, ਤਾਂਕਿ ਸੂਬੇ ‘ਚ ਲੋਕਸਭਾ ਚੋਣਾਂ ਜਿੱਤ ਕੇ ਭੈਣ ਕੁਮਾਰੀ ਮਾਇਆਵਤੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ।
ਇਸ ਮੌਕੇ ‘ਤੇ ਬਸਪਾ ਸੂਬਾ ਉਪਪ੍ਰਧਾਨ ਰਜਿੰਦਰ ਸਿੰਘ ਰੀਹਲ, ਬਲਦੇਵ ਮਹਿਰਾ, ਸੰਤ ਰਾਮ ਮੱਲੀਆਂ, ਡਾ. ਮੱਖਣ ਸਿੰਘ, ਡਾ. ਨਛੱਤਰ ਪਾਲ, ਤੀਰਥ ਰਾਜਪੁਰਾ, ਗੁਰਮੇਲ ਸੰਧੂ, ਮਨਜੀਤ ਅਟਵਾਲ, ਪਰਮਜੀਤ ਮੱਲ ਆਦਿ ਵੀ ਮੌਜੂਦ ਸਨ।