ਲਾਲ ਕਿਲਾ ਹਿੰਸਾ ਕੇਸ ’ਚ ਜ਼ਮਾਨਤ ਮਗਰੋਂ ਦੀਪ ਸਿੱਧੂ ਮੁੜ ਗ੍ਰਿਫ਼ਤਾਰ

ਨਵੀਂ ਦਿੱਲੀ (ਸਮਾਜ ਵੀਕਲੀ):ਦਿੱਲੀ ਪੁਲੀਸ ਨੇ ਅਦਾਕਾਰ ਦੀਪ ਸਿੱਧੂ ਨੂੰ ਲਾਲ ਕਿਲਾ ਹਿੰਸਾ ਕੇਸ ’ਚ ਅੱਜ ਜ਼ਮਾਨਤ ਮਿਲਣ ਤੋਂ ਕੁਝ ਘੰਟਿਆਂ ਮਗਰੋਂ ਹੀ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਹੁਣ ਕੌਮੀ ਮਹੱਤਵ ਦੀ ਯਾਦਗਾਰੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਭਾਰਤੀ ਪੁਰਾਤੱਤਵ ਵਿਭਾਗ (ਏਐੱਸਆਈ) ਦੀ ਸ਼ਿਕਾਇਤ ’ਤੇ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਤਿਹਾੜ ਜੇਲ੍ਹ ਵਿੱਚੋਂ ਹੀ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਰਟਰ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜੇ ਸਨ ਤੇ ਕੁਝ ਲੋਕ ਲਾਲ ਕਿਲੇ ਦੀ ਫਸੀਲ ਉੱਪਰ ਕਿਸਾਨੀ ਝੰਡਾ ਤੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਸੀ।

ਇਸ ਦੌਰਾਨ ਪੁਲੀਸ ਨਾਲ ਝੜਪ ਵੀ ਹੋਈ ਸੀ। ਏਐੱਸਆਈ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਗਣਤੰਤਰ ਦਿਵਸ ਹਿੰਸਾ ਦੌਰਾਨ ਕੌਮੀ ਮਹੱਤਵ ਵਾਲੀ ਇਸ ਇਮਾਰਤ ਅੰਦਰ ਭੰਨ-ਤੋੜ ਕੀਤੀ ਗਈ ਸੀ। ਇਸ ਤੋਂ ਪਹਿਲਾਂ ਦਿੱਲੀ ਦੀ ਇੱਕ ਅਦਾਲਤ ਨੇ ਅੱਜ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਹੋਈ ਹਿੰਸਾ ਦੇ ਦੀਪ ਸਿੱਧੂ ਦੀ ਜ਼ਮਾਨਤ ਮਨਜ਼ੂਰ ਕਰ ਲਈ ਸੀ। ਵਿਸ਼ੇਸ਼ ਜੱਜ ਨੀਲੋਫਰ ਆਬਿਦਾ ਪਰਵੀਨ ਨੇ 30 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਾਸ਼ੀ ਦੀਆਂ ਦੋ ਜਾਮਨੀਆਂ ’ਤੇ ਦੀਪ ਸਿੱਧੂ ਦੀ ਜ਼ਮਾਨਤ ਮਨਜ਼ੂਰ ਕੀਤੀ ਸੀ।

Previous articleਅਫ਼ਗਾਨਿਸਤਾਨ ਦੇ ਲੋਕਾਂ ਨਾਲ ਹਮੇਸ਼ਾ ਖੜ੍ਹੇਗਾ ਭਾਰਤ: ਜੈਸ਼ੰਕਰ
Next articleਚੋਣਾਂ ’ਚ ਰੁੱਝੇ ਪ੍ਰਧਾਨ ਮੰਤਰੀ ਨਾਲ ਸੰਪਰਕ ਨਹੀਂ ਹੋਇਆ: ਠਾਕਰੇ