ਲਾਰੈਂਸ ਬਿਸ਼ਨੋਈ ਗਰੋਹ ਦੇ ਨਿਸ਼ਾਨੇ ’ਤੇ ਸੀ ਸਲਮਾਨ ਖ਼ਾਨ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਆਖ਼ਰੀ ਤੇ ਛੇਵੇਂ ਸ਼ੂਟਰ ਦੀਪਕ ਮੁੰਡੀ ਅਤੇ ਉਸ ਦੇ ਦੋ ਸਾਥੀਆਂ ਦੀ ਨੇਪਾਲ ਵਿੱਚੋਂ ਗ੍ਰਿਫ਼ਤਾਰੀ ਸਬੰਧੀ ਅਹਿਮ ਖ਼ੁਲਾਸੇ ਕੀਤੇ ਹਨ। ਡੀਜੀਪੀ  ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਰੋਹ ਦੇ ਨਿਸ਼ਾਨੇ ’ਤੇ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਵੀ ਸੀ ਅਤੇ ਇਸ ਗਰੋਹ ਨੇ ਸੰਪਤ ਨਹਿਰਾ ਅਤੇ ਗੋਲਡੀ ਬਰਾੜ ਰਾਹੀਂ ਅਦਾਕਾਰ ਸਲਮਾਨ ਖ਼ਾਨ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਸੰਪਰਕ ਕੀਤਾ ਸੀ।

ਡੀਜੀਪੀ ਨੇ ਇੱਥੇ ਪ੍ਰੈੱਸ ਕਾਨਫਰੰਸ ਵਿੱਚ  ਦੱਸਿਆ ਕਿ ਸਲਮਾਨ ਖ਼ਾਨ ਨੂੰ ਮਾਰਨ ਦੀ ਰਣਨੀਤੀ ਘੜਨ ਲਈ ਕਪਿਲ ਪੰਡਿਤ ਨੂੰ ਸਚਿਨ ਬਿਸ਼ਨੋਈ ਅਤੇ ਸੰਤੋਸ਼ ਯਾਦਵ ਨਾਲ ਮਿਲ ਕੇ ਰੇਕੀ ਕਰਨ ਲਈ ਕਿਹਾ ਗਿਆ ਸੀ। ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਗਰੋਹ ਦੇ ਇਸ਼ਾਰੇ ’ਤੇ ਪਹਿਲਾਂ ਵੀ ਉਸ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਇਰਾਦੇ ਨਾਲ ਕਈ ਵਾਰ ਰੇਕੀ ਕੀਤੀ ਸੀ। ਪੁਲੀਸ ਮੁਖੀ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਦਿੱਲੀ ਪੁਲੀਸ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸਾਂਝੇ ਅਪਰੇਸ਼ਨ ਤਹਿਤ ਦੀਪਕ ਮੁੰਡੀ ਤੇ ਸਾਥੀਆਂ ਨੂੰ ਭਾਰਤ-ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਮੁੱਖ ਕਾਤਲ ਦੀਪਕ ਮੁੰਡੀ ਹੀ ਸੀ। ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਖਰੀਬਾੜੀ ਪੁਲੀਸ ਸਟੇਸ਼ਨ ਦੇ ਖੇਤਰ ਵਿੱਚੋਂ ਦੀਪਕ ਮੁੰਡੀ ਤੋਂ ਇਲਾਵਾ ਕਪਿਲ ਪੰਡਿਤ ਅਤੇ ਰਾਜਿੰਦਰ ਉਰਫ਼ ਜੋਕਰ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਏਆਈਜੀ ਗੁਰਮੀਤ ਚੌਹਾਨ ਅਤੇ ਡੀਐੱਸਪੀ ਬਿਕਰਮ ਬਰਾੜ ਦੀ ਅਗਵਾਈ ਵਿੱਚ ਏਜੀਟੀਐੱਫ ਦੀ ਟੀਮ ਸ਼ਨਿਚਰਵਾਰ ਦੇਰ ਰਾਤ ਮੁੰਡੀ ਅਤੇ ਉਸ ਦੇ ਦੋ ਸਾਥੀਆਂ ਨੂੰ ਹਵਾਈ ਰਸਤੇ ਪੰਜਾਬ ਲੈ ਕੇ ਆਈ ਸੀ।

ਡੀਜੀਪੀ ਨੇ ਦੱਸਿਆ ਕਿ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 23 ਹੋ ਗਈ ਹੈ, ਜਦਕਿ ਪਿੰਡ ਭਕਨਾ ਵਿੱਚ ਹੋਏ ਮੁਕਾਬਲੇ ਦੌਰਾਨ ਮਨਪ੍ਰੀਤ ਸਿੰਘ ਉਰਫ਼ ਮਨੂ ਕੁੱਸਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁੰਡੀ ਅਤੇ ਕਪਿਲ ਦੋਵੇਂ ਇਕੱਠੇ ਰਹਿ ਰਹੇ ਸਨ ਅਤੇ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ (ਮੁੱਖ ਸਾਜ਼ਿਸ਼ਘਾੜਾ) ਦੇ ਨਿਰਦੇਸ਼ਾਂ ’ਤੇ ਆਪਣੇ ਟਿਕਾਣੇ ਬਦਲ ਰਹੇ ਸਨ। ਇਸ ਸਮੇਂ ਦੌਰਾਨ ਮੁੰਡੀ ਅਤੇ ਕਪਿਲ ਹਰਿਆਣਾ, ਰਾਜਸਥਾਨ, ਗੁਜਰਾਤ, ਯੂਪੀ ਅਤੇ ਪੱਛਮੀ ਬੰਗਾਲ ਸੂਬਿਆਂ ਵਿੱਚ ਰੁਕੇ ਅਤੇ ਕਿਹਾ ਕਿ  ਜੋਕਰ, ਜੋ ਪਹਿਲਾਂ ਹੀ ਨੇਪਾਲ ਵਿੱਚ ਸੀ, ਪੱਛਮੀ ਬੰਗਾਲ ਵਿੱਚ ਸੁਰੱਖਿਅਤ ਦਾਖਲ ਹੋਣ ਲਈ ਮੁੰਡੀ ਅਤੇ ਕਪਿਲ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਨੇਪਾਲ ਵਿੱਚ ਸੁਰੱਖਿਅਤ ਥਾਂ ਲਿਜਾਣ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ ਗੋਲਡੀ ਬਰਾੜ ਨੇ ਮੁੰਡੀ ਅਤੇ ਕਪਿਲ ਨੂੰ ਫ਼ਰਜ਼ੀ ਪਾਸਪੋਰਟਾਂ ’ਤੇ ਦੁਬਈ ਸੈਟਲ ਕਰਨ ਦਾ ਵਾਅਦਾ ਕੀਤਾ ਸੀ। ਉਕਤ ਦੋਵਾਂ ਨੂੰ ਨੇਪਾਲ ਜਾਂ ਥਾਈਲੈਂਡ ਵਿੱਚ ਆਪਣੇ ਜਾਅਲੀ ਪਾਸਪੋਰਟ ਮਿਲਣੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੁਬਈ ਨਿਕਲ ਜਾਣਾ ਸੀ।

ਰਾਜਸਥਾਨ ਦੇ ਪਿੰਡ ਬੇਵੜ ਦਾ ਰਹਿਣ ਵਾਲਾ ਕਪਿਲ ਪੰਡਿਤ ਪਿਛਲੇ ਸਾਲ ਪੈਰੋਲ ’ਤੇ ਬਾਹਰ ਆਇਆ ਸੀ ਅਤੇ ਉਦੋਂ ਤੋਂ ਹੀ ਉਹ ਫ਼ਰਾਰ ਸੀ। ਯਾਦਵ ਨੇ ਦੱਸਿਆ ਕਿ ਵਿਦੇਸ਼ ਫ਼ਰਾਰ ਹੋਏ ਗੈਂਗਸਟਰ ਨੂੰ ਫੜਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਗੈਂਗਸਟਰ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਜਲਦੀ ਹੀ ਉਸ ਨੂੰ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ।

Previous articleਗੀਤ
Next articleਦੀਪਕ ਮੁੰਡੀ ਤੇ ਸਾਥੀਆਂ ਨੂੰ ਸੱਤ ਦਿਨਾ ਰਿਮਾਂਡ ’ਤੇ ਭੇਜਿਆ