ਪਿੰਡ ਖੇੜੀ ਗੰਡਿਆਂ ਦੇ ਲਾਪਤਾ ਹੋਏ ਦੋ ਬੱਚਿਆਂ ਦਾ ਅੱਜ ਤੀਜੇ ਵੀ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਪਟਿਆਲਾ ਪੁਲੀਸ ਨੇ ਲੰਘੀ ਰਾਤ ਪਿੰਡ ਵਾਸੀਆਂ ਦਾ ਸੜਕ ਤੋਂ ਧਰਨਾ ਚੁਕਾਉਣ ਮੌਕੇ ਦੋ ਦਿਨਾਂ ਦਾ ਸਮਾਂ ਮੰਗਿਆ ਸੀ, ਜਿਸ ਵਿੱਚੋਂ ਇੱਕ ਦਿਨ ਲੰਘ ਗਿਆ ਹੈ। ਪੁਲੀਸ ਇਸ ਮਸਲੇ ਨੂੰ ਨਜਿੱਠ ਲੈਣ ਲਈ ਆਸਵੰਦ ਹੈ ਤੇ 10 ਪੁਲੀਸ ਟੀਮਾਂ ਇਸੇ ਮਾਮਲੇ ਦੇ ਹੱਲ ਲਈ ਜੁਟੀਆਂ ਹੋਈਆਂ ਹਨ। ਦੇਰ ਸ਼ਾਮ ਉੱਚ ਪੁਲੀਸ ਅਧਿਕਾਰੀਆਂ ਨੇ ਵੀ ਪਿੰਡ ਦਾ ਦੌਰਾ ਕੀਤਾ। ਐੱਨ.ਡੀ.ਆਰ.ਐੱਫ ਦੀ ਟੀਮ ਵੀ ਬੁਲਾਈ ਗਈ ਹੈ, ਜੋ ਪਿੰਡ ਵਿੱਚ ਛੱਪੜ ਦਾ ਰੂਪ ਧਾਰ ਚੁੱਕੇ ਟੋਭੇ ਨੂੰ ਖਾਲੀ ਕਰ ਰਹੀ ਹੈ ਕਿਉਂਕਿ ਪੁਲੀਸ ਅਤੇ ਪਿੰਡ ਵਾਸੀਆਂ ਨੂੰ ਬੱਚਿਆਂ ਨੂੰ ਇਸ ਟੋਭੇ ਵਿਚ ਸੁੱਟੇ ਹੋਣ ਦਾ ਸ਼ੱਕ ਹੈ। ਤਿੰਨ ਦਿਨਾਂ ਤੋਂ ਪਿੰਡ ਦੁਆਲੇ ਪੁਲੀਸ ਫੋਰਸ ਤਾਇਨਾਤ ਹੈ ਅਤੇ ਬਾਹਰ ਜਾਣ ਵਾਲੇ ਹਰ ਛੋਟੇ-ਵੱਡੇ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ। ਦੱਸਣਯੋਗ ਹੈ ਕਿ ਖੇੜੀ ਗੰਡਿਆਂ ਵਾਸੀ ਦੀਦਾਰ ਸਿੰਘ ਦੇ ਪੁੱਤਰ ਜਸ਼ਨਦੀਪ (10) ਅਤੇ ਹਸਨਦੀਪ (6) ਬੀਤੀ 22 ਜੁਲਾਈ ਦੀ ਸ਼ਾਮ ਪਿੰਡ ਵਿਚਲੀ ਦੁਕਾਨ ਤੋਂ ਕੋਲਡ ਡਰਿੰਕ ਲੈਣ ਲਈ ਗਏ ਸਨ ਅਤੇ ਭੇਤਭਰੀ ਹਾਲਤ ਵਿਚ ਲਾਪਤਾ ਹੋ ਗਏ ਸਨ। ਇਸ ਘਟਨਾ ਖ਼ਿਲਾਫ਼ ਪਰਿਵਾਰ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਦੋ ਦਿਨ ਪਟਿਆਲਾ-ਦਿੱਲੀ ਨੈਸ਼ਨਲ ਹਾਈਵੇਅ ’ਤੇ ਧਰਨਾ ਦਿੱਤਾ, ਜੋ ਪੁਲੀਸ ਨੇ ਦੋ ਦਿਨਾਂ ਵਿਚ ਬੱਚੇ ਤਲਾਸ਼ ਲੈਣ ਦੇ ਭਰੋਸੇ ਮਗਰੋਂ ਬੁੱਧਵਾਰ ਰਾਤ ਸਾਢੇ ਦਸ ਵਜੇ ਚੁਕਵਾ ਦਿੱਤਾ ਸੀ। ਪੁਲੀਸ ਵਲੋਂ ਇਸ ਮਾਮਲੇ ਸਬੰਧੀ ਭਾਵੇਂ ਕਈ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਗਈ ਹੈ ਪਰ ਅਜੇ ਤੱਕ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਸਕੀ। ਪੁਲੀਸ ਪਾਣੀ ਵਾਲੀਆਂ ਟੈਂਕੀਆਂ, ਝੋਨੇ ਦੇ ਖੇਤਾਂ, ਖਤਾਨਾਂ, ਕੁੱਪਾਂ, ਗੁਹਾਰਿਆਂ ਅਤੇ ਧਾਰਮਿਕ ਅਸਥਾਨਾਂ ’ਤੇ ਬੱਚਿਆਂ ਦੀ ਤਲਾਸ਼ ਕਰ ਚੁੱਕੀ ਹੈ। ਭਾਖੜਾ ’ਚ ਤਲਾਸ਼ ਅਜੇ ਜਾਰੀ ਹੈ। ਪੁਲੀਸ ਤੇ ਲੋਕਾਂ ਵੱੱਲੋਂ ਜਤਾਏ ਖ਼ਦਸ਼ੇ ਕਾਰਨ ਅੱਜ ਪਿੰਡ ਵਿਚਲੇ ਛੱਪੜ ਨੂੰ ਖ਼ਾਲੀ ਕਰਨਾ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਦਸ ਫੁੱਟ ਡੂੰਘੇ ਇਸ ਛੱਪੜ ਵਿਚ ਵਧੇਰੇ ਗਾਰ ਹੋਣ ਕਾਰਨ ਵੜਨਾ ਮੁਸ਼ਕਲ ਹੈ। ਟਰੈਕਟਰ ਅਤੇ ਇੰਜਣਾਂ ਜ਼ਰੀਏ ਇਸ ਵਿਚੋਂ ਪਾਣੀ ਕੱਢਿਆ ਜਾ ਰਿਹਾ ਹੈ। ਇਹ ਮੁਹਿੰਮ ਸਾਰੀ ਰਾਤ ਜਾਰੀ ਰਹੇਗੀ। ਦੇਰ ਸ਼ਾਮ ਆਈ.ਜੀ ਅਮਰਦੀਪ ਰਾਏ, ਐੱਸਐੱਸਪੀ ਮਨਦੀਪ ਸਿੱਧੂ, ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਸਮੇਤ ਹੋਰਨਾਂ ਨੇ ਛੱਪੜ ਖਾਲੀ ਕਰਨ ਦੇ ਕੰਮ ਦਾ ਜਾਇਜ਼ਾ ਲਿਆ। ਉਹ ਘਰ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ। ਐੱਸ.ਪੀ (ਡੀ) ਹਰਮੀਤ ਹੁੰਦਲ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਪਿੰਡ ਵਿਚ ਤਾਇਨਾਤ ਹਨ।
HOME ਲਾਪਤਾ ਬੱਚਿਆਂ ਦੀ ਭਾਲ ’ਚ ਜੁਟੀਆਂ 10 ਪੁਲੀਸ ਟੀਮਾਂ