ਬਰਤਾਨੀਆ ਦੀ ਨਵੀਂ ਵਜ਼ਾਰਤ ’ਚ ਤਿੰਨ ਭਾਰਤੀਆਂ ਨੂੰ ਅਹਿਮ ਅਹੁਦੇ

ਬਰਤਾਨੀਆ ਵਿੱਚ ਬੋਰਿਸ ਜੌਹਨਸਨ ਦੀ ਅਗਵਾਈ ਹੇਠਲੀ ਸਰਕਾਰ ਦੀ ਵਜ਼ਾਰਤ ’ਚ ਤਿੰਨ ਭਾਰਤੀ ਮੂਲ ਦੇ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਨ੍ਹਾਂ ਭਾਰਤ ਦੇ ਗੁਜਰਾਤ ਮੂਲ ਦੀ ਪ੍ਰੀਤੀ ਪਟੇਲ, ਆਲੋਕ ਸ਼ਰਮਾ ਤੇ ਰਿਸ਼ੀ ਸੂਨਕ ਸ਼ਾਮਲ ਹਨ।
ਟੈਰੇਜ਼ਾ ਮੇਅ ਦੀ ਬ੍ਰੈਗਜ਼ਿਟ ਨੀਤੀ ਦੀ ਮੁੱਖ ਆਲੋਚਕ ਰਹੀ ਪ੍ਰਤੀ ਪਟੇਲ ਨੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਵਜ਼ਾਰਤ ’ਚ ਗ੍ਰਹਿ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਇਸ ਦੇ ਨਾਲ ਹੀ ਉਹ ਬਰਤਾਨੀਆ ’ਚ ਭਾਰਤੀ ਮੂਲ ਦੀ ਪਹਿਲੀ ਗ੍ਰਹਿ ਮੰਤਰੀ ਬਣ ਗਈ ਹੈ। ਪ੍ਰੀਤੀ ਪਾਕਿਸਤਾਨੀ ਮੂਲ ਦੇ ਸਾਜਿਦ ਜਾਵੇਦ ਦੀ ਥਾਂ ਲਵੇਗੀ, ਜਿਨ੍ਹਾਂ ਨੂੰ ਵਿੱਤ ਮੰਤਰਾਲੇ ਦਾ ਕਾਰਜ ਭਾਰ ਸੌਂਪਿਆ ਗਿਆ ਹੈ। ਜਾਵੇਦ ਨਸਲੀ ਘੱਟ ਗਿਣਤੀ ਭਾਈਚਾਰੇ ’ਚੋਂ ਆਉਣ ਵਾਲੇ ਪਹਿਲੇ ਵਿੱਤ ਮੰਤਰੀ ਹਨ। ਆਲੋਕ ਸ਼ਰਮਾ ਨੂੰ ਕੌਮਾਂਤਰੀ ਵਿਕਾਸ ਸਕੱਤਰ ਅਤੇ ਰਿਸ਼ੀ ਸੂਨਕ ਨੂੰ ਵਿੱਤ ਮੰਤਰਾਲੇ ਦੇ ਮੁੱਖ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਰਿਸ਼ੀ ਸੂਨਕ ਨੇ ਬਰਤਾਨੀਆ ਦੀ ਨਵੀਂ ਸਰਕਾਰ ਨੂੰ ਜ਼ਿਆਦਾ ਮਜ਼ਬੂਤ ਦੱਸਿਆ। ਉਹ ਇਨਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣਮੂਰਤੀ ਦੇ ਜਵਾਈ ਹਨ। ਇਨ੍ਹਾਂ ਅੱਜ ਸਵੇਰੇ 10 ਡਾਊਨਿੰਗ ਸਟਰੀਟ ’ਚ ਵਜ਼ਾਰਤ ਦੀ ਪਹਿਲੀ ਮੀਟਿੰਗ ’ਚ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ, ‘ਅਸੀਂ ਜਮਹੂਰੀਅਤ ’ਚ ਆਪਣਾ ਭਰੋਸਾ ਬਹਾਲ ਕਰਾਂਗੇ ਅਤੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਅਸੀਂ 31 ਅਕਤੂਬਰ ਨੂੰ ਹਰ ਹਾਲ ’ਚ ਯੂਰੋਪੀਅਨ ਯੂਨੀਅਨ ’ਚੋਂ ਬਾਹਰ ਆ ਜਾਵਾਂਗੇ।’
ਪ੍ਰੀਤੀ ਕੰਜ਼ਵੇਟਿਵ ਪਾਰਟੀ ਦੀ ਅਗਵਾਈ ਲਈ ‘ਬੈਕ ਬੋਰਿਸ’ ਮੁਹਿੰਮ ਦੀ ਮੁੱਖ ਮੈਂਬਰ ਸੀ। ਉਨ੍ਹਾਂ ਕਿਹਾ, ‘ਮੈਂ ਆਪਣੇ ਦੇਸ਼ ਤੇ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਸੜਕਾਂ ’ਤੇ ਵਧ ਰਹੇ ਅਪਰਾਧਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੀ।’

Previous articleਫੂਲਕਾ ਨੇ ਪੰਜਾਬ ਵਿਧਾਨ ਸਭਾ ਨੂੰ ਪੱਕੇ ਤੌਰ ’ਤੇ ਅਲਵਿਦਾ ਕਿਹਾ
Next articleਲਾਪਤਾ ਬੱਚਿਆਂ ਦੀ ਭਾਲ ’ਚ ਜੁਟੀਆਂ 10 ਪੁਲੀਸ ਟੀਮਾਂ