ਬੀਤੇ ਦਿਨ ਕਾਰ ਸਮੇਤ ਲਾਪਤਾ ਹੋਏ ਮਹਿਮੂਦਪੁਰ ਬਟਾਲਾ ਦੇ ਦਰਸ਼ਨ ਲਾਲ ਦੇ ਕਤਲ ਦੀ ਗੁੱਥੀ ਸੁਲਝਾਉਂਣ ਦਾ ਦਾਅਵਾ ਕਰਦਿਆਂ ਪੁਲੀਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਪੁਲੀਸ ਨੇ ਦਰਸ਼ਨ ਲਾਲ ਦੀ ਲਾਸ਼ ਮੁਕੇਰੀਆਂ ਹਾਈਡਲ ਨਹਿਰ ’ਤੇ ਪਾਵਰ ਹਾਊਸ ਨੰਬਰ-1 ਕੋਲੋਂ ਅਤੇ ਕਾਰ ਹੁਸ਼ਿਆਰਪੁਰ ਨੇੜਲੇ ਪਿੰਡ ਅੱਜੋਵਾਲ ਕੋਲੋਂ ਬਰਾਮਦ ਕੀਤੀ ਹੈ। ਕਤਲ ਦਾ ਕਾਰਨ ਦਰਸ਼ਨ ਲਾਲ ਕੋਲ ਮੋਟਰਸਾਈਕਲ ਗਹਿਣੇ ਰੱਖ ਕੇ ਲਏ ਵਿਆਜ ਦੇ ਪੈਸੇ ਨਾ ਦੇਣਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਹੈ। ਮੁਕੇਰੀਆਂ ਥਾਣੇ ਵਿੱਚ ਡੀਐਸਪੀ ਰਵਿੰਦਰ ਸਿੰਘ ਤੇ ਐਸਐਚਓ ਅਰਜੁਨ ਸਿੰਘ ਨੇ ਦੱਸਿਆ ਕਿ ਦਰਸ਼ਨ ਲਾਲ ਦੇ ਕਾਰ ਸਮੇਤ ਲਾਪਤਾ ਹੋਣ ਦੀ ਸ਼ਿਕਾਇਤ ਉਸ ਦੇ ਭਰਾ ਬਲਕਾਰ ਸਿੰਘ ਨੇ ਭੰਗਾਲਾ ਚੌਕੀ ’ਚ ਕੀਤੀ ਸੀ। ਉਸ ਦੇ ਭਰਾ ਨੂੰ ਰਾਹੁਲ ਸ਼ਰਮਾ ਵਾਸੀ ਹਾਜੀਪੁਰ ਨੇ ਆਪਣੀ ਮਾਤਾ ਨੂੰ ਜਲੰਧਰ ਤੋਂ ਲਿਆਉਣ ਦਾ ਬਹਾਨਾ ਲਗਾ ਕੇ ਫੋਨ ਕਰਕੇ ਕਾਰ ਸਮੇਤ ਮੁਕੇਰੀਆਂ ਸੱਦਿਆ ਸੀ। ਉਸ ਦਾ ਭਰਾ ਜਦੋਂ ਦੇਰ ਰਾਤ ਤੱਕ ਵਾਪਸ ਨਾ ਆਇਆ ਅਤੇ ਫੋਨ ਬੰਦ ਮਿਲਣ ’ਤੇ ਉਨ੍ਹਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਸੀ। ਉਸੇ ਦਿਨ ਪੁਲੀਸ ਨੂੰ ਸੂਚਨਾ ਮਿਲੀ ਕਿ ਕਾਰ ਹੁਸ਼ਿਆਰਪੁਰ ਨੇੜਲੇ ਪਿੰਡ ਅੱਜੋਵਾਲ ਵਿਖੇ ਲਾਵਾਰਸ ਖੜ੍ਹੀ ਮਿਲੀ ਹੈ। ਇਸ ਬਾਰੇ ਜਦੋਂ ਸੰਜੀਵ ਕੁਮਾਰ ਤੇ ਰਾਹੁਲ ਸ਼ਰਮਾ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਸਾਰੀ ਗੁੱਥੀ ਸੁਲਝ ਗਈ। ਸੰਜੀਵ ਕੁਮਾਰ ਨੇ ਆਪਣਾ ਨਵਾਂ ਮੋਟਰਸਾਈਕਲ ਦਰਸ਼ਨ ਲਾਲ ਕੋਲ ਗਹਿਣੇ ਰੱਖ ਕੇ 30 ਹਜ਼ਾਰ ਰੁਪਏ ਲਏ ਸਨ ਅਤੇ ਰਾਹੁਲ ਸ਼ਰਮਾ ਨੇ ਵੀ ਆਪਣੇ ਦੋਸਤ ਦਾ ਬੁਲੇਟ ਮੋਟਰਸਾਈਕਲ ਗਹਿਣੇ ਰੱਖ ਕੇ 50 ਹਜ਼ਾਰ ਰੁਪਏ ਲਏ ਸਨ। ਜਦੋਂ ਇਹ ਪੈਸੇ ਨਾ ਦੇ ਸਕੇ ਤਾਂ ਉਨ੍ਹਾਂ ਦਰਸ਼ਨ ਲਾਲ ਦਾ ਕਤਲ ਕਰਕੇ ਪੈਸੇ ਦਿੱਤੇ ਹੋਣ ਦਾ ਬਹਾਨਾ ਲਗਾ ਕੇ ਉਹ ਆਪਣੇ ਮੋਟਰਸਾਈਕਲ ਵਾਪਸ ਲੈਣ ਦੀ ਸਾਜ਼ਿਸ਼ ਘੜੀ। ਦੋਵਾਂ ਨੇ ਮੰਨਿਆ ਕਿ ਉਹ ਬਹਾਨੇ ਨਾਲ ਦਰਸ਼ਨ ਲਾਲ ਨੂੰ ਜਲੰਧਰ ਲੈ ਕੇ ਗਏ ਅਤੇ ਰਸਤੇ ਵਿੱਚ ਆਉਂਦਿਆਂ ਉਸ ਨੂੰ ਕੋਲਡ ਡਰਿੰਕਸ ਵਿੱਚ ਨਸ਼ੀਲੀਆਂ ਗੋਲੀਆਂ ਪਾ ਕੇ ਬੇਹੋਸ਼ ਕਰ ਦਿੱਤਾ। ਹੁਸ਼ਿਆਰਪੁਰ ਤੋਂ ਤਲਵਾੜਾ ਆਉਂਦਿਆਂ ਦੋਵਾਂ ਨੇ ਦਰਸ਼ਨ ਲਾਲ ਦਾ ਪਰਨੇ ਨਾਲ ਗਲਾ ਘੁੱਟ ਦਿੱਤਾ ਤੇ ਤੇਜ਼ਧਾਰ ਹਥਿਆਰ ਸਿਰ ਵਿੱਚ ਮਾਰ ਕੇ ਕਤਲ ਕਰ ਦਿੱਤਾ। ਲਾਸ਼ ਖੁਰਦ ਬੁਰਦ ਕਰਨ ਲਈ ਤਲਵਾੜਾ ਆਈਟੀਆਈ ਕੋਲ ਮੁਕੇਰੀਆ ਹਾਈਡਲ ਨਹਿਰ ਵਿੱਚ ਸੁੱਟ ਦਿੱਤੀ ਤੇ ਕਾਰ ਅੱਜੋਵਾਲ ਕੋਲ ਖੜ੍ਹੀ ਕਰਕੇ ਫ਼ਰਾਰ ਹੋ ਗਏ।
INDIA ਲਾਪਤਾ ਦਰਸ਼ਨ ਲਾਲ ਦਾ ਕਤਲ; ਦੋ ਕਾਬੂ