ਘਰ ’ਚੋਂ ਨਗਦੀ ਤੇ ਗਹਿਣੇ ਚੋਰੀ ਕਰਨ ਵਾਲਾ ਗ੍ਰਿਫ਼ਤਾਰ

ਬੰਦ ਘਰ ਦੇ ਤਾਲੇ ਤੋੜ ਕੇ ਸੋਨੇ ਤੇ ਚਾਂਦੀ ਦੇ ਗਹਿਣਿਆਂ ਦੇ ਨਾਲ ਨਾਲ ਨਕਦੀ ਚੋਰੀ ਕਰਨ ਵਾਲੇ ਇੱਕ ਮੁਲਜ਼ਮ ਨੂੰ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਇਲਾਕੇ ’ਚੋਂ ਹੀ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 208 ਗ੍ਰਾਮ ਸੋਨੇ ਤੇ 520 ਗ੍ਰਾਮ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ ਮੁਹੱਲਾ ਪੀਰੂਬੰਦਾ ਵਾਸੀ ਨਰਿੰਦਰ ਸਿੰਘ ਉਰਫ਼ ਹੈਪੀ ਦੇ ਰੂਪ ’ਚ ਹੋਈ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਮੁਲਜ਼ਮ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ।
ਏਡੀਸੀਪੀ-1 ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੁਹੱਲਾ ਪੀਰੂਬੰਦਾ ਦੀ ਰਹਿਣ ਵਾਲੀ ਮਧੂ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਲੜਕੀ ਪ੍ਰਿਅੰਕਾ ਆਪਣੇ ਪਰਿਵਾਰ ਦੇ ਨਾਲ ਸਮਾਗਮ ’ਚ ਹਿੱਸਾ ਲੈਣ ਲਈ ਗਈ ਸੀ।
ਇਸੇ ਦੌਰਾਨ ਪਿੱਛੋਂ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਅੰਦਰੋਂ ਸੋਨੇ ਤੇ ਚਾਂਦੀ ਦੇ ਗਹਿਣਿਆਂ ਦੇ ਨਾਲ ਨਾਲ ਮੋਬਾਈਲ ਫੋਨ ਤੇ 35 ਹਜ਼ਾਰ ਕੈਸ਼ ਚੋਰੀ ਕਰ ਲਏ ਸੀ। ਜਦੋਂ ਅਗਲੇ ਦਿਨ ਪ੍ਰਿੰਅਕਾ ਘਰ ਪੁੱਜੀ ਤਾਂ ਘਰ ਦੇ ਤਾਲੇ ਟੁੱਟੇ ਦੇਖ ਉਨ੍ਹਾਂ ਦੇ ਹੋਸ਼ ਉਡ ਗਏ। ਅਲਮਾਰੀ ’ਚ ਪਏ ਗਹਿਣੇ ਗਾਇਬ ਸਨ। ਉਸ ਨੇ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਏਡੀਸੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨਰਿੰਦਰ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਜਿਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ ਗਹਿਣੇ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ।
ਪੁਲੀਸ ਅਨੁਸਾਰ ਮੁਲਜ਼ਮ ਨਰਿੰਦਰ ਦੇ ਖਿਲਾਫ਼ ਪਹਿਲਾਂ ਵੀ ਲੁੱਟ-ਖੋਹ ਤੇ ਚੋਰੀ ਦੇ ਕਈ ਮਾਮਲੇ ਦਰਜ ਹਨ। ਪੁਲੀਸ ਮੁਲਜ਼ਮ ਤੋਂ ਪੁੱਛਗਿਛ ਕਰ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਉਸ ਦੇ ਨਾਲ ਗਰੋਹ ’ਚ ਕਿੰਨ੍ਹੇ ਲੋਕ ਸ਼ਾਮਲ ਹਨ ਤੇ ਉਹ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।

Previous articleਲਾਪਤਾ ਦਰਸ਼ਨ ਲਾਲ ਦਾ ਕਤਲ; ਦੋ ਕਾਬੂ
Next articleਰਾਫ਼ਾਲ ਕੇਸ: ਸਰਕਾਰੀ ਪਟੀਸ਼ਨ ’ਤੇ ਫੈਸਲਾ ਰਾਖਵਾਂ ਰੱਖਿਆ