ਲਾਕਡਾਊਨ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ

ਅੱਜ ਪੂਰੀ ਦੁਨੀਆਂ ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ। ਜਿਹਨਾਂ ਦੇਸ਼ਾਂ ਨੇ ਇਸ ਮਹਾਂਮਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਉਨ੍ਹਾਂ ‘ਚ ਇਸ ਬਿਮਾਰੀ ਦੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ। ਕਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਵਿਚ ਹੁਣ ਤੱਕ ਲਗਪਗ 47000 ਤੋਂ ਜਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਭਾਰਤ ‘ਚ ਇਸਦੇ ਸ਼ੁਰੂਆਤੀ ਦੌਰ ‘ਚ ਹੀ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ 22 ਅਪੈ੍ਰਲ ਨੂੰ ਸ਼ੁਰੂ ਹੋਈ ਮੁਕੰਮਲ ਬੰਦੀ 14 ਅਪੈ੍ਰਲ ਤੱਕ ਕਰ ਦਿੱਤੀ ਗਈ।ਕਰੋਨਾ ਵਾਇਰਸ ਦੇ ਨਾਲ ਲੜਨ ਦੇ ਲਈ ਸਰਕਾਰ ਜੰਗੀ ਪੱਧਰ ‘ਤੇ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਇਸ ਗੱਲ ਦਾ ਵੀ ਧਿਆਨ ਰੱਖ ਰਹੀ ਹੈ ਕਿ ਲੋਕਾਂ ਨੂੰ ਖਾਣ—ਪੀਣ ਅਤੇ ਦਵਾਈਆਂ ਦੇ ਨਾਲ ਹੋਰ ਜਰੂਰੀ ਵਸਤਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਦੇ ਲਈ ਪੁਲਿਸ, ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਘਰ —ਘਰ ਤੱਕ ਰਾਸ਼ਨ ਪਹੁੰਚਾ ਰਹੇ ਹਨ। ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਦੀਆਂ ਐਨੀਆਂ ਕੋਸ਼ਿਸ਼ਾਂ ਦੇ ਬਾਵਜ਼ੂਦ ਵੀ ਲੋਕ ਗੰਭੀਰਤਾ ਨਹੀਂ ਦਿਖਾ ਰਹੇ ਹਨ।

ਕੁਝ ਲੋਕ ਪ੍ਰਸ਼ਾਸਨ ਨੂੰ ਫਰਜ਼ੀ ਫੋਨ ਕਾਲਾਂ ਕਰਕੇ ਝੂਠੀਆਂ ਜਾਣਕਾਰੀਆਂ ਦੇ ਰਹੇ ਹਨ। ਘਰ ਵਿਚ ਖਾਣ ਦੀਆਂ ਵਸਤਾਂ ਅਤੇ ਰਾਸ਼ਨ ਹੋਣ ਦੇ ਬਾਵਜ਼ੂਦ ਵੀ ਝੂਠ ਬੋਲ ਕੇ ਪ੍ਰਸ਼ਾਸਨ ਤੋਂ ਰਾਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਕਈ ਥਾਂਵਾਂ ‘ਤੇ ਮੈਡੀਕਲ ਸਟਾਫ, ਜੋ ਮੌਜ਼ੂਦਾ ਸਮੇਂ ‘ਚ ਸਭ ਤੋਂ ਅਹਿਮ ਰੋਲ ਅਦਾ ਕਰ ਰਿਹਾ ਹੈ, ਦੇ ਨਾਲ ਮਾੜੇ ਵਤੀਰੇ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ, ਜੋ ਕਿ ਬਹੁਤ ਨਿੰਦਣਯੋਗ ਹੈ। ਦੇਸ਼ ਵਿਚ ਇਸ ਮਹਾਂਮਾਰੀ ਨੂੰ ਖਤਮ ਕਰਨ ਦੇ ਲਈ ਕਰੋਨਾ ਵਾਇਰਸ ਦੇ ਜਾਨਲੇਵਾ ਸਿੱਟਿਆਂ ਨੂੰ ਸਮਝਦੇ ਹੋਏ ਪ੍ਰਸ਼ਾਸਨ ਵੱਲੋਂ ਕੀਤੀ ਗਈ ਬੰਦੀ ਨੂੰ ਬਹੁਤ ਜਿਆਦਾ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਕਿਉਂਕਿ ਕਰੋਨਾ ਦੇ ਇਲਾਜ ਦੇ ਲਈ ਹਜ਼ੇ ਤੱਕ ਕੋਈ ਦਵਾਈ ਨਹੀਂ ਬਣੀ ਹੈ, ਸਿਰਫ ਸਮਾਜਕ ਦੂਰੀ ਬਣਾ ਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ।

-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ, ਬਠਿੰਡਾ

Previous articleਜੰਮੂ-ਕਸ਼ਮੀਰ ਜਾਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਹਜ਼ਾਰ ਤੋਂ ਪਾਰ
Next articleक्या सच का सामना कर सकते हो ?