ਖੰਨਾ- ਇਥੋਂ ਦੇ ਰੇਲਵੇ ਲਾਈਨੋਂ ਪਾਰ ਵਾਰਡ ਨੰਬਰ-4 ਵਿਚ ਕਾਂਗਰਸੀ ਆਗੂਆਂ ਦੇ ਚਹੇਤਿਆਂ ਦੇ ਕਹਿਣ ’ਤੇ ਪਲਾਟਾਂ ‘ਚ ਮਿੱਟੀ ਪਾਉਣ ਕਾਰਨ ਭੜਕੇ ਮੁਹੱਲਾ ਵਾਸੀਆਂ ਵੱਲੋਂ ਹੰਗਾਮਾ ਕੀਤਾ ਗਿਆ। ਇਸ ਮੌਕੇ ਆਪ ਅਤੇ ਅਕਾਲੀ ਆਗੂਆਂ ਨੇ ਵਿਤਕਰੇ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਾਡੀਆਂ ਗਲੀਆਂ ਨੀਵੀਆਂ ਹੋਣ ਦਾ ਬਹਾਨਾ ਲਗਾ ਕੇ ਸੀਵਰੇਜ ਪਾਏ ਬਿਨਾਂ ਵਿਚਕਾਰ ਕੰਮ ਛੱਡ ਦਿੱਤਾ। ਠੇਕੇਦਾਰ ਕਹਿੰਦਾ ਤੁਸੀ ਆਪ ਮਿੱਟੀ ਪਵਾਓ ਤਾਂ ਹੀ ਸੀਵਰੇਜ ਪਵੇਗਾ।
ਇਸ ਮੌਕੇ ਵਾਰਡ ਨੰਬਰ-4 ਦੀ ਗਲੀ ਨੰਬਰ-7 ਤੇ 9 ਵਿੱਚ ਠੇਕੇਦਾਰ ਦੇ ਇੰਚਾਰਜ ਰਾਸ਼ਿਦ ਖਾਨ ਅਤੇ ਹੋਰ ਲੋਕਾਂ ਨਾਲ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਉਨ੍ਹਾਂ ਵੱਲੋਂ ਸੀਵਰੇਜ ਦੀ ਮਿੱਟੀ ਜੋ ਪੁਟਾਈ ਸਮੇਂ ਕੱਢੀ ਜਾ ਰਹੀ ਟਰਾਲੀਆਂ ਭਰ ਕੇ ਲੈ ਜਾਈ ਜਾ ਰਹੀ ਸੀ।
ਇਸ ਮੌਕੇ ‘ਆਪ’ ਆਗੂ ਰਾਜਬੀਰ ਸ਼ਰਮਾ ਅਤੇ ਹੋਰ ਲੋਕਾਂ ਨੇ ਕਿਹਾ ਕਿ ਮਿੱਟੀ ਟਰਾਲੀਆਂ ਭਰ ਕੇ ਵੇਚੀ ਜਾ ਰਹੀ ਹੈ ਤੇ ਕੁਝ ਕਾਂਗਰਸੀ ਨੇਤਾਵਾਂ ਦੇ ਕਹਿਣ ’ਤੇ ਪ੍ਰਾਈਵੇਟ ਪਲਾਟਾਂ ਵਿਚ ਵੀ ਮਿੱਟੀ ਪਾਈ ਜਾ ਰਹੀ ਹੈ। ਇਸ ਮੌਕੇ ਅਕਾਲੀ ਆਗੂ ਅਤੇ ਵਾਰਡ ਇੰਚਾਰਜ ਬਾਬਾ ਪ੍ਰੀਤਮ ਸਿੰਘ ਨੇ ਕਿਹਾ ਕਿ ਸੀਵਰੇਜ ਪਾ ਰਿਹਾ ਠੇਕੇਦਾਰ ਮਿੱਟੀ ਵੇਚ ਰਿਹਾ ਹੈ। ਆਪਣੇ ਕਾਂਗਰਸੀ ਆਗੂਆਂ, ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਨਿੱਜੀ ਪਲਾਟਾਂ ਵਿਚ ਮਿੱਟੀ ਪਾਈ ਜਾ ਰਹੀ ਹੈ। ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਸਬੰਧੀ ਕਾਂਗਰਸੀ ਕੌਂਸਲਰ ਕੁਲਦੀਪ ਕੌਰ ਨੇ ਕਿਹਾ ਕਿ ਉਸਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਕਿ ਕੌਣ ਪਲਾਟਾਂ ਵਿੱਚ ਮਿੱਟੀ ਪਵਾ ਰਿਹਾ ਹੈ, ਸਾਡੇ ਨਾਲ ਸੀਵਰੇਜ ਪਾ ਰਹੇ ਠੇਕੇਦਾਰ ਨੇ ਕਦੀ ਕੋਈ ਗੱਲਬਾਤ ਕੀਤੀ ਨਹੀਂ।
ਵਾਰਡ ਨੰਬਰ-4 ਦੇ ਕਾਂਗਰਸੀ ਯੂਥ ਆਗੂ ਅਮਰੀਸ਼ ਕਾਲਿਆ ਦਾ ਕਹਿਣਾ ਕਿ ਉਨ੍ਹਾਂ ਨੇ ਇੰਚਾਰਜ ਹੋਣ ਕਾਰਨ ਠੇਕੇਦਾਰ ਨੂੰ ਕਿਹਾ ਸੀ ਕਿ ਮਿੱਟੀ ਨੀਵੀਂਆਂ ਗਲੀਆਂ ਵਿਚ ਪਾ ਦਿਓ। ਇਸ ਸਬੰਧੀ ਠੇਕੇਦਾਰ ਦੇ ਮੇਨੈਜਰ ਪ੍ਰੇਮ ਸਚਦੇਵਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਿੱਟੀ ਵੇਚਣ ਵਾਲੀ ਗੱਲ ਬਿਲਕੁੱਲ ਗਲਤ ਹੈ। ਗਲੀ ਵਿੱਚੋਂ ਵਧੀ ਹੋਈ ਮਿੱਟੀ ਨੂੰ ਚੁੱਕ ਕੇ ਕਿਸੇ ਖਾਲੀ ਪਲਾਟ ਵਿੱਚ ਰਖਵਾਈ ਜਾ ਰਹੀ ਸੀ, ਫਿਰ ਵੀ ਉਹ ਜਾਂਚ ਕਰਵਾ ਲੈਂਦੇ ਹਨ। ਜੇ ਕੋਈ ਗੱਲ ਸਾਹਮਣੇ ਆਈ ਤਾਂ ਉਸ ਵਿਰੁੱਧ ਕਰਵਾਈ ਕੀਤੀ ਜਾਵੇਗੀ।
ਇਸ ਮੌਕੇ ਐੱਸਡੀਓ ਸੀਵਰੇਜ ਬੋਰਡ ਸੁਖਪਾਲ ਸਿੰਘ ਨੇ ਕਿਹਾ ਕਿ ਸਾਡੇ ਕੋਲ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਪਰ ਹੁਣ ਇਸ ਸਬੰਧੀ ਜਾਂਚ ਕੀਤੀ ਜਾਵੇਗੀ।
INDIA ਲਾਈਨੋਂ ਪਾਰ ਸੀਵਰੇਜ ਦੀ ਮਿੱਟੀ ਨਿੱਜੀ ਪਲਾਟਾਂ ਵਿੱਚ ਪਾਉਣ ’ਤੇ ਹੰਗਾਮਾ