ਸਰਕਾਰੀ ਸਕੂਲ ਦੇ ਬੱਚਿਆਂ ਲਈ ਲੱਗੀ ਮਜ਼ਦੂਰੀ ਦੀ ਕਲਾਸ

ਧਨੌਲਾ- ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਤਾਲੀਮ ਲੈਣ ਆਏ ਬੱਚਿਆਂ ਤੋਂ ‘ਮਜ਼ਦੂਰੀ’ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਕੂਲ ਵੇਲੇ ਬੱਚਿਆਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਪੁੱਟੀਆਂ ਇੱਟਾਂ ਢੋਣ ਲਈ ਲਗਾ ਦਿੱਤਾ।
ਇਨ੍ਹਾਂ ਬੱਚਿਆਂ ਵਿਚੋਂ ਬਹੁਤਿਆਂ ਦੇ ਤਾਂ ਪੀਰੀਅਡ ਵੀ ਲੱਗੇ ਹੋਏ ਸਨ ਪਰ ਉਨ੍ਹਾਂ ਨੂੰ ਮਜ਼ਦੂਰਾਂ ਦੀ ਥਾਂ ਕੰਮ ’ਤੇ ਲਗਾਇਆ ਗਿਆ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਅੱਧਾ ਘੰਟਾ ਪਹਿਲਾਂ ਇੱਟਾਂ ਚੁੱਕਣ ਲਈ ਆਖਿਆ ਗਿਆ ਹੈ, ਜਿਉਂ ਹੀ ਕੰਮ ਕਰ ਰਹੇ ਬੱਚਿਆਂ ਦੀ ਵੀਡੀਓ ਵਾਇਰਲ ਹੋਈ ਤਾਂ ਮੀਡੀਆ ਕਰਮੀ ਸਕੂਲ ਪੁੱਜ ਗਏ। ਜਦੋਂ ਪੱਤਰਕਾਰ ਨੇ ਵੀਡੀਓ ਸ਼ੂਟ ਕੀਤੀ ਤਾਂ ਇਕ ਅਧਿਆਪਕ ਨੇ ਉਸ ਨੂੰ ਕਥਿਤ ਧਮਕੀਆਂ ਦਿੱਤੀਆਂ। ਸੂਤਰਾਂ ਅਨੁਸਾਰ ਕਿਸੇ ਨੇ ਤੁਰੰਤ ਇਹ ਵੀਡੀਓ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਭੇਜ ਦਿੱਤੀ।

ਖਾਹਮਖਾਹ ਮਾਮਲੇ ਨੂੰ ਹਵਾ ਦਿੱਤੀ: ਪ੍ਰਿੰਸੀਪਲ
ਪ੍ਰਿੰਸੀਪਲ ਸੀਮਾ ਰਾਣੀ ਨੇ ਆਖਿਆ ਕਿ ਉਹ ਖ਼ੁਦ ਵੀ ਬੱਚਿਆਂ ਦੇ ਨਾਲ ਕੰਮ ਕਰਨ ਲੱਗੇ ਹੋਏ ਸਨ ਪਰ ਕੁਝ ਲੋਕਾਂ ਨੇ ਮਾਮਲੇ ਨੂੰ ਖਾਹਮਖਾਹ ਹਵਾ ਦੇ ਦਿੱਤੀ।

ਅੱਜ ਮਾਮਲੇ ਦੀ ਪੜਤਾਲ ਕਰਾਂਗਾ: ਡੀਈਓ
ਜ਼ਿਲ੍ਹਾ ਸਿੱਖਿਆ ਅਧਿਕਾਰੀ ਐੱਸਐੱਸ ਤੂਰ ਨੇ ਕਿਹਾ ਕਿ ਉਹ ਭਲਕੇ ਮਾਮਲੇ ਦੀ ਪੜਤਾਲ ਕਰਨ ਲਈ ਜਾ ਰਹੇ ਹਨ।

ਜਾਂਚ ਤੋਂ ਬਾਅਦ ਹੀ ਕੁੱਝ ਕਹਾਂਗਾ: ਡੀਸੀ
ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਹੁਣੇ ਆਇਆ ਹੈ, ਉਹ ਜਾਂਚ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਨ।

Previous articleਬੰਗਾਲ ਨੇ ਪੰਜਾਬ ਨੂੰ 151 ਦੌੜਾਂ ’ਤੇ ਰੋਕਿਆ
Next articleਲਾਈਨੋਂ ਪਾਰ ਸੀਵਰੇਜ ਦੀ ਮਿੱਟੀ ਨਿੱਜੀ ਪਲਾਟਾਂ ਵਿੱਚ ਪਾਉਣ ’ਤੇ ਹੰਗਾਮਾ