ਲਾਇਨਮੈਨ ਕੁਲਵਿੰਦਰ ਸਿੰਘ ਬੁਰਜ

(ਸਮਾਜ ਵੀਕਲੀ)

( ਰਿਟਾਇਰਮੈਂਟ ਤੇ ਵਿਸ਼ੇਸ਼)

ਦੀਵਿਆਂ ਦੀ ਲੋਅ ਤੋਂ ਬਿਜਲੀ ਦੇ ਲਾਟੂ , ਪੱਖੀਆਂ ਤੋਂ ਤਰ੍ਹਾਂ-ਤਰ੍ਹਾਂ ਦੇ ਪੱਖੇ ਅਤੇ ਹੋਰ ਅਨੇਕਾਂ ਇਲੈਕਟ੍ਰਾਨਿਕ ਸੁੱਖ ਸਹੂਲਤਾਂ ਮਾਣਦੇ ਹੋਏ ਅਸੀਂ ਬਿਜਲੀ ਦੀ ਕਾਢ ਕੱਢਣ ਵਾਲੇ ਬੈਂਜਾਮਿਨ ਫ਼੍ਰੈੰਕਲਿਨ , ਬਲਬ ਦੇ ਜਨਮਦਾਤਾ ਥਾਮਸ ਐਡੀਸਨ ਨੂੰ ਯਾਦ ਕਰਦੇ ਹਾਂ। ਸਾਡੇ ਦੇਸ਼ ਵਿੱਚ ਬਿਜਲੀ ਦੀ ਰੌਸ਼ਨੀ ਦਾ ਪਹਿਲਾ ਪ੍ਰਦਰਸ਼ਨ 24 ਜੁਲਾਈ 1879 ਨੂੰ ਕਲਕੱਤੇ ਹੋਇਆ ਸੀ। 15 ਜਨਵਰੀ 1897 ਨੂੰ ਲੰਡਨ ਵਿੱਚ ਭਾਰਤੀ ਇਲੈਕਟ੍ਰਿਕ ਕੰਪਨੀ ਰਜਿਸਟਰ ਹੋਈ। ਬਿਜਲੀ ਸਪਲਾਈ ਕਾਨੂੰਨ 1948 ਅਧੀਨ 01 ਫ਼ਰਵਰੀ 1959 ਨੂੰ ਪੰਜਾਬ ਰਾਜ ਬਿਜਲੀ ਬੋਰਡ ਦੀ ਸਥਾਪਨਾ ਹੋਈ।

ਬਠਿੰਡਾ, ਰੋਪੜ ਅਤੇ ਲਹਿਰਾ ਮੁਹੱਬਤ ਵਿੱਚ ਥਰਮਲ ਪਲਾਂਟ ਸਥਾਪਿਤ ਹੋੲੇ। 1963 ਤੱਕ ਭਾਖੜਾ ਡੈਮ ਬਣ ਚੁੱਕਾ ਸੀ। ਹਰ ਪਿੰਡ, ਹਰ ਸ਼ਹਿਰ ਅਤੇੇ ਹਰ ਘਰ ਤੱਕ ਬਿਜਲੀ ਪਹੁੰਚਾਉਣ ਲਈ ਬਹੁਤ ਮਿਹਨਤ , ਸਮਾਂ, ਸ਼ਕਤੀ ਅਤੇ ਹੁਨਰ ਦੀ ਲੋੜ ਸੀ। ਗਰਿੱਡਾਂ ਤੱਕ, ਖ਼ਪਤਕਾਰਾਂ ਤੱਕ ਲਾਈਨਾਂ ਸਥਾਪਿਤ ਕੀਤੀਆਂ ਜਾਣ ਲੱਗੀਆਂ। ਨਵੇਂ ਰੁਜ਼ਗਾਰ ਦੇ ਮੌਕੇ ਨੌਜਵਾਨਾਂ ਨੂੰ ਪ੍ਰਾਪਤ ਹੋਏ। ਠੇਕੇਦਾਰਾਂ ਅਧੀਨ ਕੱਚੇ ਕਾਮੇ ਹੱਡ-ਭੰਨਵੀਂ ਮਿਹਨਤ ਨਾਲ ਹਨੇਰਿਆਂ ਨੂੰ ਚਾਨਣ ਵਿੱਚ ਬਦਲਣ ਲਈ ਕੰਮ ਕਰਨ ਲੱਗੇ। ਅਸਮਾਨ ਛੂੰਹਦੇ ਟਾਵਰ ਐ ਥਰਮਲ ਪਲਾਂਟਾਂ ਵੱਲੋਂ ਇੱਕ ਇੱਕ ਕਰਕੇ ਗਰਿੱਡਾਂ ਵੱਲ ਵਧਣ ਲੱਗੇ।

ਮਲੇਰਕੋਟਲਾ ਤਹਿਸੀਲ ਦੇ ਪਿੰਡ ਬੁਰਜ ਵਿੱਚ ਸ.ਦਲੀਪ ਸਿੰਘ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਜਨਮਿਆ , ਵੀਹ ਸਾਲਾ ਉਤਸ਼ਾਹੀ ਨੌਜਵਾਨ ਸ. ਕੁਲਵਿੰਦਰ ਸਿੰਘ ਨਵੰਬਰ 1983 ਤੋਂ ਡੇਲੀ ਵੇਜ ਕਾਮੇ ਵਜੋਂ ਬੋਰਡ ਵਿੱਚ ਆਪਣੀਆਂ ਸੇਵਾਵਾਂ ਦੇਣ ਲੱਗਾ। ਇਸ ਨੌਜਵਾਨ ਮੁੰਡੇ ਨੇ ਰੋਪੜ ਦੇ ਟਿੱਬਾ ਟਿੱਪਰੀਆਂ ਤੋਂ ਅੰਬੇ ਮਾਜਰਾ ( ਨੇੜੇ ਮੰਡੀ ਗੋਬਿੰਦਗੜ੍ਹ ) ਸਟੇਅ ਕਰਕੇ ਮਾਲੇਰਕੋਟਲਾ 220 ਕੇ.ਵੀ. ਲਾਈਨ ਕੱਢਣ ਵਿੱਚ ਬਹੁਤ ਮਿਸਾਲੀ ਮਿਹਨਤ ਕੀਤੀ। ਭਵਾਨੀਗੜ੍ਹ ਗਰਿੱਡ ਤੋਂ ਆਈ. ਏ. ਐੱਲ. ਫ਼ੈਕਟਰੀ ਤੱਕ ਲਾਇਨ ਕੱਢਣ ਵੇਲੇ ਵੀ ਇਸ ਨੌਜਵਾਨ ਨੇ ਆਪਣੀਆਂ ਸੇਵਾਵਾਂ ਦਿੱਤੀਆਂ। 1986 ਵਿੱਚ ਕਾਮੇ ਵਰਕ ਚਾਰਜ ਸਹੂਲਤਾਂ ਲੈਣ ਵਿੱਚ ਕਾਮਯਾਬ ਹੋਏ। ਕੁਲਵਿੰਦਰ ਸਿੰਘ ਬੁਰਜ ਉਹਨਾਂ ਵਿੱਚੋਂ ਇੱਕ ਸੀ। 1992 ਵਿੱਚ ਸਹਾਇਕ ਲਾਇਨ ਮੈਨ ਵਜੋਂ ਆਡਰ ਪ੍ਰਾਪਤ ਕਰਕੇ ਬਰੀ ਵਾਲਾ ਸਬ-ਡਵੀਜ਼ਨ , ਮੁਕਤਸਰ ਸਾਹਿਬ ਡਵੀਜ਼ਨ ਵਿੱਚ ਲੁਬਾਣਿਆਂਵਾਲੀ ਸਬ-ਸਟੇਸ਼ਨ ਹਾਜ਼ਰ ਹੋ ਕੇ ਆਪਣੀਆਂ ਸੇਵਾਵਾਂ ਦਿੱਤੀਆਂ।

ਦੋ ਭੈਣਾਂ ਤੋਂ ਛੋਟੇ , ਤਿੰਨ ਭੈਣਾਂ ਦੇ ਇਕਲੌਤੇ ਭਰਾ ਕੁਲਵਿੰਦਰ ਸਿਰ ਵੱਡੀ ਕਬੀਲਦਾਰੀ ਸੀ। ਕੁਲਵਿੰਦਰ ਦੀ ਜੀਵਨਸਾਥੀ ਕੁਲਦੀਪ ਕੌਰ ਪੂਰੀ ਸਮਰਪਿਤ ਭਾਵ ਨਾਲ਼ ਮੋਢੇ ਨਾਲ ਮੋਢਾ ਜੋੜ ਕੇ ਜ਼ਿੰਮੇਵਾਰੀ ਵਿੱਚ ਮਦਦ ਕਰ ਰਹੀ ਸੀ।

1994 ਵਿੱਚ ਮਲੇਰਕੋਟਲਾ ਡਵੀਜ਼ਨ ਵਿੱਚ ਸਬ-ਡਵੀਜ਼ਨ ਸ਼ੇਰਪੁਰ ਦੀ ਬਦਲੀ ਹੋ ਗਈ। ਹੁਣ ਤੱਕ ਜਥੇਬੰਦਕ ਸੂਝ ਨਿੱਖਰ ਚੁੱਕੀ ਸੀ। ਇਮਾਨਦਾਰੀ, ਡਿਊਟੀ ਪ੍ਰਤੀ ਸਮਰਪਣ ਅਤੇ ਸਪੱਸ਼ਟਤਾ ਵਰਗੇ ਗੁਣਾਂ ਕਰਕੇ ਸ. ਕੁਲਵਿੰਦਰ ਸਿੰਘ ਬੁਰਜ ਨੂੰ ਜਾਣਿਆ ਜਾਣ ਲੱਗਾ ਸੀ। 2015 ਵਿੱਚ ਲਾਈਨ ਮੈਨ ਵਜੋਂ ਤਰੱਕੀ ਹੋਈ ਅਤੇ ਸਬ-ਡਵੀਜ਼ਨ ਮਲੇਰਕੋਟਲਾ ਵਿੱਚ ਸੇਵਾਵਾਂ ਨਿਭਾਉਂਦੇ ਹੋਏ 28 ਫ਼ਰਵਰੀ 2021 ਨੂੰ ਸ. ਕੁਲਵਿੰਦਰ ਸਿੰਘ ਬੁਰਜ ਰਿਟਾਇਰ ਹੋਣ ਜਾ ਰਹੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਐੱਸ.ਈ.ਬੀ. ਇੰਪਲਾਈਜ ਫੈ਼ਡਰੇਸ਼ਨ , ਡਵੀਜ਼ਨ ਮਲੇਰਕੋਟਲਾ ਦੇ ਪ੍ਰਧਾਨ ਸ. ਗੁਲਜ਼ਾਰ ਸਿੰਘ ਹੁਰਾਂ ਨੇ ਦੱਸਿਆ ਕਿ ਸ. ਕੁਲਵਿੰਦਰ ਸਿੰਘ ਨੇ ਆਪਣੀ ਪੂਰੀ ਸਰਵਿਸ ਬਹੁਤ ਹੀ ਮਿਹਨਤ ਅਤੇ ਇਮਾਨਦਾਰੀ ਨਾਲ਼ ਕੀਤੀ ਹੈ। ਇਸ ਕਰਕੇ ਹੀ ਜਿੱਥੇ ਵੀ ਇਹਨਾਂ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ ਉੱਥੇ ਹੀ ਸਾਥੀ ਕਰਮਚਾਰੀਆਂ ਅਤੇ ਆਮ ਲੋਕਾਂ ਨਾਲ ਇਹਨਾਂ ਦਾ ਪਿਆਰ ਅਤੇ ਸਤਿਕਾਰ ਦਾ ਨਿੱਘਾ ਰਿਸ਼ਤਾ ਬਣ ਗਿਆ। ਸ. ਕੁਲਵਿੰਦਰ ਸਿੰਘ ਬੁਰਜ ਨੇ ਕਾਮਿਆਂ ਦੇ ਜਥੇਬੰਦਕ ਹੋਣ ਦੇ ਮਹੱਤਵ ਨੂੰ ਸਮਝਦਿਆਂ ਜਥੇਬੰਦੀ ਪੀ.ਐੱਸ.ਈ.ਬੀ. ਇੰਪਲਾਈਜ ਫੈ਼ਡਰੇਸ਼ਨ ਵਿੱਚ ਜੁੜ ਕੇ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਅਤੇ ਪ੍ਰਾਪਤੀ ਲਈ ਯਤਨ ਜਾਰੀ ਰੱਖੇ ਅਤੇ ਹੋਰਨਾਂ ਨੂੰ ਵੀ ਜਾਗਰੂਕ ਕੀਤਾ। ਇਸ ਸਮੇਂ ਉਹ ਜਥੇਬੰਦੀ ਵਿੱਚ ਬਤੌਰ ਸਕੱਤਰ ਭੂਮਿਕਾ ਨਿਭਾਅ ਰਹੇ ਹਨ।

ਗੱਲਬਾਤ ਕਰਦਿਆਂ ਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸਦਾ ਆਪਣੀ ਡਿਊਟੀ ਨੂੰ ਆਪਣਾ ਸਭ ਤੋਂ ਪਹਿਲਾ ਧਰਮ ਸਮਝਿਆ। ਇਹ ਧਰਮ ਨਿਭਾਉਣ ਦਾ ਪ੍ਰਮਾਤਮਾ ਨੇ ਹੀ ਬਲ ਅਤੇ ਫ਼ਲ ਬਖਸ਼ਿਆ ਹੈ। ਉਹਨਾਂ ਅਨੁਸਾਰ ਇਮਾਨਦਾਰੀ ਦੀ ਕਮਾਈ ਭਾਵੇਂ ਗੁਜ਼ਾਰੇ ਜੋਗੀ ਹੀ ਹੁੰਦੀ ਹੈ ਪਰ ਇਹ ਚੰਗੇ ਪਾਸੇ ਲੈ ਜਾਂਦੀ ਹੈ ਅਤੇ ਇਸ ਤੋਂ ਪ੍ਰਾਪਤ ਰੋਟੀ ਦੀ ਬਰਕਤ ਪਰਿਵਾਰ ਨੂੰ ਸੁਮੱਤ ਅਤੇ ਸਮਰੱਥਾ ਨਾਲ ਭਰ ਦਿੰਦੀ ਹੈ। ਉਹਨਾਂ ਦੇ ਤਿੰਨ ਬੱਚੇ ਹਨ। ਵੱਡਾ ਬੇਟਾ ਅੰਮ੍ਰਿਤਪਾਲ ਸਿੰਘ ਸਟੈਨੋ ਹੈ, ਬੇਟੀ ਗਗਨਪਾਲ ਕੌਰ ਅਧਿਆਪਕਾ ਹੈ ਅਤੇ ਛੋਟਾ ਬੇਟਾ ਪ੍ਰਿਤਪਾਲ ਸਿੰਘ ਇੰਡੀਅਨ ਨੇਵੀ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਨਿੱਜੀ ਕਰਨ ਦਾ ਦੈਤ ਹਰ ਮਹਿਕਮੇ ਨੂੰ ਕੱਚਾ ਚੱਬ ਰਿਹਾ ਹੈ ਤਾਂ ਜਥੇਬੰਦਕ ਅਤੇ ਕਾਨੂੰਨੀ ਸੰਘਰਸ਼ਾਂ ਲੲੀ ਕਰਮਚਾਰੀਆਂ , ਬੇਰੁਜ਼ਗਾਰਾਂ , ਕਿਸਾਨਾਂ , ਮਜ਼ਦੂਰਾਂ ਦੀ ਇੱਕ ਜੁੱਟਤਾ ਸਮੇਂ ਦੀ ਲੋੜ ਹੈ।

ਉਹਨਾਂ ਦੀ ਰਿਟਾਇਰਮੈਂਟ ਸਮੇਂ ਮੈਂ ਕਾਮਨਾ ਕਰਦਾ ਹਾਂ ਕਿ ਉਹ ਆਪਣਾ ਸੇਵਾ ਮੁਕਤੀ ਦਾ ਸਮਾਂ ਖੁਸ਼ੀਆਂ , ਤੰਦਰੁਸਤੀ ਅਤੇ ਊਰਜਾ ਭਰਪੂਰ ਹੋਵੇ। ਉਹ ਸਮਾਜ ਦੇ ਭਲੇ ਲੲੀ ਆਪਣੇ ਯਤਨ ਜਾਰੀ ਰੱਖਣ। ਸ਼ੁਭ ਕਾਮਨਾਵਾਂ।

ਰਮੇਸ਼ਵਰ ਸਿੰਘ
9914880392

Previous articleਬਰਫੀ ਵਾਲਾ ਲਿਫਾਫਾ
Next articleGujarat MLA dares to violate model code of conduct