ਲਖਨਊ, 19 ਜੁਲਾਈ 2020 (ਸਮਾਜਵੀਕਲੀ) – ਉੱਤਰ ਪ੍ਰਦੇਸ਼ ‘ਚ ਕਨੌਜ ਦੇ ਕੋਲ ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਬਿਹਾਰ ਤੋਂ ਦਿੱਲੀ ਜਾ ਰਹੀ ਇੱਕ ਨਿੱਜੀ ਬੱਸ ਐਕਸਪ੍ਰੈਸ ਵੇਅ ਤੋਂ ਕਰੀਬ 20 ਫੁੱਟ ਹੇਠਾਂ ਜਾ ਡਿੱਗੀ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਕਨੌਜ ਦੇ ਮੈਡੀਕਲ ਕਾਲਜ ਅਤੇ ਇਟਾਵਾ ਦੇ ਸੈਫਈ ‘ਚ ਭਰਤੀ ਕਰਵਾਇਆ ਗਿਆ ਹੈ।
ਅਸਲ ‘ਚ ਮਜ਼ਦੂਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਨਾਲ ਇੱਕ ਸਲੀਪਰ ਬੱਸ ਬਿਹਾਰ ਦੇ ਮਧੂਬਨੀ ਤੋਂ ਦਿੱਲੀ ਜਾ ਰਹੀ ਸੀ। ਬੱਸ ਐਕਸਪ੍ਰੈਸ ਵੇਅ ਤੋਂ ਲੰਘਦੇ ਸਮੇਂ ਕਨੌਜ ਦੇ ਸੌਰਖ ਨੇੜੇ ਖੜ੍ਹੀ ਇਕ ਲਗਜ਼ਰੀ ਕਾਰ ਨਾਲ ਟਕਰਾ ਗਈ। ਹਾਦਸੇ ਦੇ ਸਮੇਂ ਬੱਸ ਕਾਫੀ ਤੇਜ਼ ਰਫਤਾਰ ‘ਤੇ ਚੱਲ ਰਹੀ ਸੀ। ਟੱਕਰ ਤੋਂ ਬਾਅਦ ਦੋਵੇਂ ਵਾਹਨ ਪਲਟ ਗਏ ਅਤੇ ਐਕਸਪ੍ਰੈਸ ਵੇਅ ਤੋਂ ਹੇਠਾਂ ਜਾ ਡਿੱਗੇ।