ਸਟੇਜ ਸਰਗਰਮੀਆਂ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ ਛੇਵਾਂ (ਭਾਗ ਦੂਜਾ ਤੇ ਅੰਤਿਮ)

 

ਜਦੋਂ ਮੈਂ ਲੱਚਰਤਾ ਸੁਣਾਉਂਣ ਵਾਲਿਆਂ ਨੂੰ ਪ੍ਰਧਾਨ ਜੀ ਦੇ ਹੁਕਮ ਮੁਤਾਬਕ ਤਾੜਨਾ ਕੀਤੀ, ਤਾਂ ਉਹ ਸਾਥੀ ਪੰਡਾਲ ‘ਚੋਂ ਉੱਠ ਕੇ ਭੱਜ ਗਿਆ। ਕਾਮਰੇਡ ਯਸ਼ਪਾਲ ਝਬਾਲ, ਨਕਸਲੀ ਲਹਿਰ ਦੇ ਉੱਘੇ ਅਲੋਚਕ ਪਰਮਜੀਤ ਸਿੰਘ ਤੇ ਉਪਜੀਤ ਸਿੰਘ ਬਰਾੜ ਵਰਗੇ ਖਾੜਕੂ ਅਗਾਂਹ-ਵਧੂ ਵਿਚਾਰਧਾਰਾ ਵਾਲੇ ਸਾਥੀ ਉਸ ਨੂੰ ਸਬਕ ਸਿਖਾਉਣ ਨੂੰ ਫਿਰਨ। ਮੈਂ ਬੜੇ ਪਿਆਰ ਤੇ ਸਤਿਕਾਰ ਨਾਲ ਉਹਨਾਂ ਨੂੰ ਰੋਕਿਆ, ਕਿਉਂਕਿ ਸਾਰੇ ਸਾਥੀ ਮੇਰਾ ਬਹੁਤ ਸਤਿਕਾਰ ਕਰਦੇ ਸਨ। ਉਹ ਅਗਲੇ ਦਿਨ ਮੈਥੋਂ ਮੁਆਫ਼ੀ ਮੰਗਦਾ ਫਿਰੇ। ਮੈਂ ਕਿਹਾ,” ਮਿੱਤਰਾ ! ਤੂੰ ਸੀ ਭਾਂਡਾ ਛੋਟਾ, ਤੇ ਮੈਂ ਸਟੇਜ ‘ਤੇ ਚੜ੍ਹ ਕੇ ਤੇਰੇ ‘ਚ ਪਾ ਤਾ ਕੁਝ ਜ਼ਿਆਦਾ। ਤੂੰ ਆਪਣੀ ਔਕਾਤ ਭੁੱਲ ਗਿਆ। ਬੀਬੀ ਦਾਹੜੀ ਵਾਲਿਆਂ ਤੇ ਪ੍ਰਧਾਨ ਜੀ ਦੀ ਵੀ ਸ਼ਰਮ ਨਾ ਮੰਨੀ।” ਉਹ ਮੁਆਫ਼ੀਆਂ ਮੰਗਣੋਂ ਨਾ ਹਟੇ। ਮੈਂ ਉਸ ਨੂੰ ਕਿਹਾ,” ਮੈਨੂੰ ਕੋਈ ਸ਼ਿਕਵਾ ਨਹੀਂ, ਦੂਜੇ ਅਧਿਆਪਕਾਂ ਨੂੰ ਸ਼ਿਕਵੈ” ਮੈਂ ਤੈਨੂੰ ਮੁਆਫ਼ ਕੀਤਾ – ਤਾਂ ਜਾ ਕੇ ਉਸ ਨੇ ਮੇਰਾ ਖਹਿੜਾ ਛੱਡਿਆ ਤੇ ਮੁੜ ਕੇ ਕਦੇ ਵੀ ਸਟੇਜ ਵਾਲੀ ਜਗਾਹ ‘ਤੇ ਨਾ ਆਇਆ।

ਸਟੇਜ ‘ਤੇ ਚੜ੍ਹ ਕੇ ਮਨੁੱਖ ਬਹੁਤ ਕੁਝ ਸਿੱਖਦਾ ਹੈ। ਸਟੇਜ ਸੈਕਟਰੀ ਨੂੰ ਕਈ ਵਾਰ ਹਾਸੋ-ਹੀਣੀਆਂ ਸੂਚਨਾਵਾਂ ਵੀ ਦੇਣੀਆਂ ਪੈਂਦੀਆਂ ਹਨ । ਜੇਲ੍ਹ ਵਿਚ ਕਿਸੇ ਦਾ ਪਜਾਮਾ ਗੁਆਚ ਗਿਆ, ਕਿਸੇ ਦੀ ਨਿੱਕਰ ਬਦਲ ਗਈ, ਕਿਸੇ ਦੀ ਬੁਨੈਣ ਕੋਈ ਪਾ ਗਿਆ। ਇਹੋ ਜਿਹੀਆਂ ਸੂਚਨਾਵਾਂ ਅਕਸਰ ਹੀ ਮੈਨੂੰ ਸਟੇਜ ‘ਤੇ ਦੇਣੀਆਂ ਪੈਂਦੀਆਂ। ਰੋਟੀ ਕਦੋਂ ਖਾਣੀ ਹੈ, ਕਿਸ ਦੀ ਮੁਲਾਕਾਤ ਆਈ ਹੈ, ਸਾਰੀ ਰਿਪੋਰਟ ਮੇਰੇ ਕੋਲ ਹੁੰਦੀ। ਚੱਪਲਾਂ ਤਾਂ ਅਕਸਰ ਹੀ ਮੱਥਾ ਟੇਕਣ ‘ਤੇ ਗੁੰਮ ਹੋ ਜਾਣ ਵਾਂਗ ਹੁੰਦੀਆਂ, ਕਿਉਂਕਿ ਸਾਢੇ ਬਾਰਾਂ ਸੌ ਬੰਦਿਆਂ ‘ਚੋਂ ਆਪਣੀਆਂ ਚੱਪਲਾਂ ਪਛਾਣਨਾ ਬੜਾ ਔਖਾ ਕੰਮ ਹੈ। ਮੇਰੀਆਂ ਚੱਪਲਾਂ ਵੀ ਕੋਈ ਪਾ ਗਿਆ। ਸਾਡੇ ਵਾਲੀ ਬੈਰਕ ‘ਚ ਹੁੰਦੀ ਤਾਂ ਸੌਖੇ ਲੱਭ ਜਾਂਦੀ।

ਉਸ ਨੂੰ ਤਾਂ ਕੋਈ ਦੂਜੀ ਬੈਰਕ ਦਾ ਸਾਥੀ ਪਾ ਗਿਆ ਸੀ। ਮੈਨੂੰ ਆਪਣੀਆਂ ਚੱਪਲਾਂ ਦੀ ਪਛਾਣ ਸੀ। ਜਦੋਂ ਸਾਰੇ ਪੰਡਾਲ ‘ਚ ਲੰਗਰ ਖਾਣ ਬੈਠੇ, ਇੱਕ ਅਧਿਆਪਕ ਦੇ ਪਿੱਠ ਪਿੱਛੇ ਪਈਆਂ ਆਪਣੀਆਂ ਚੱਪਲਾਂ ਪਾ ਕੇ ਤੁਰਦਾ ਬਣਿਆ। ਉਸ ਤੋਂ ਬਾਅਦ ਮੈਂ ਚੱਪਲਾਂ ਦੀਆਂ ਸਾਈਡਾਂ ‘ਤੇ ਬਾਲ ਪੈਨ ਨਾਲ ਆਪਣਾ ਪੱਕਾ ਨਾਮ ਵੀ ਲਿਖ ਦਿੱਤਾ। ਜਦੋਂ ਵੀ ਕੋਈ ਮੇਰੀ ਚੱਪਲ ਪਾ ਕੇ ਲੈ ਜਾਂਦਾ ਤਾਂ ਮੈਂ ਝੱਟ ਪਛਾਣ ਕੇ ਕਹਿੰਦਾ,” ਵੀਰ ਜੀ ! ਆਹ ਤੁਹਾਡੇ ਪਾਈਆਂ ਚੱਪਲਾਂ ਮੇਰੀਆਂ ਹਨ। ਮੇਰਾ ਨਾਮ ਵੀ ਸਾਈਡ ‘ਤੇ ਲਿਖਿਐ- ਉਹਨਾਂ ਦੇਖ ਕੇ ਝੱਟ ਕਹਿਣਾ, ਜੱਸੀ ਭਾਅ ਜੀ, ਗਲ਼ਤੀ ਹੋ ਗਈ-ਮੇਰੀ ਵੀ ਇਹੋ ਜਿਹੀ ਹੀ ਸੀ।

ਇੱਕ ਘਟਨਾ ਮੈਨੂੰ ਜੇਲ੍ਹ ਜੀਵਨ ਦੌਰਾਨ ਬਹੁਤ ਸਤਾਉਦੀ ਰਹੀ। ਜਦੋਂ ਵੀ ਮੈਂ ਸਟੇਜ ਸੰਭਾਲਣ ਲਈ ਬੈਰਕ ਦੇ ਥੜ੍ਹੇ ‘ਤੇ ਚੜ੍ਹਦਾ, ਇੱਕ ਪੰਝੀ, ਛੱਬੀ ਸਾਲਾਂ ਦਾ,ਬੀਬੀ ਦਾਹੜੀ ਵਾਲਾ ਅਧਿਆਪਕ ਮੇਰੇ ਕੋਲ ਆਉਂਦਾ, ਕਹਿੰਦਾ, “ਜੱਸੀ ਭਾਅ ਜੀ, ਮੇਰਾ ਸੁਨੇਹਾ ਅਧਿਆਪਕਾਂ ਨੂੰ ਜ਼ਰੂਰ ਸਟੇਜ ‘ਤੇ ਲਗਾ ਦੇਣਾ, ਅਸੀਂ ਕਈ ਬੰਦੇ ਬਹੁਤ ਦੁਖੀ ਹਾਂ। ਮੈਂ ਉਸ ਨੂੰ ਕਹਿੰਦਾ,” ਅੱਜ ਤੇਰਾ ਮੈਸਿਜ ਜ਼ਰੂਰ ਸਟੇਜ ‘ਤੇ ਲਾਵਾਂਗਾ, ਪਰ ਅੰਦਰਲੇ ਪਾਲੇ ਕਾਰਨ ਉਸ ਦਾ ਸੁਨੇਹਾ ਅਧਿਆਪਕਾਂ/ ਕਰਮਚਾਰੀਆਂ ਨੂੰ ਨਾ ਲਗਾ ਸਕਦਾ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਉਹ ਅਧਿਆਪਕ ਫ਼ੇਰ ਮੇਰੇ ਕੋਲ ਆਉਂਦਾ ਤੇ ਕਹਿੰਦਾ,” ਜੱਸੀ ਭਾਅ ! ਤੁਸੀਂ ਅੱਜ ਫ਼ੇਰ ਮੇਰੇ ਵਾਲੀ ਸੂਚਨਾ ਸਟੇਜ ‘ਤੇ ਦੇਣਾ ਭੁੱਲ ਗਏ । ਮੈਂ ਸੌਰੀ ਕਹਿ ਛੱਡਦਾ। ਤੁਸੀਂ ਵੀ ਜਾਨਣ ਲਈ ਉਤਸੁਕ ਹੋਵੋਗੇ ਕਿ ਅਜਿਹੀ ਕਿਹੜੀ ਸੂਚਨਾ ਸੀ, ਜਿਹੜੀ ਸਟੇਜ ‘ਤੇ ਨਹੀਂ ਲਗਾ ਸਕਦਾ ਸੀ। ਗੱਲ ਕੁਝ ਵੀ ਨਹੀਂ ਤੇ ਗੱਲ ਬਹੁਤ ਅਹਿਮੀਅਤ ਵੀ ਰੱਖਦੀ ਹੈ। ਗੱਲ ਕੀ !

ਉਹ ਅਧਿਆਪਕ ਕਹਿੰਦਾ,” ਜੱਸੀ ਭਾਅ ਜੀ! ਆਹ ਸਿਗਰਟਾਂ ਪੀਣ ਵਾਲੇ ਸਾਥੀ, ਸਾਰਾ ਦਿਨ ਬੈਰਕ ਦੇ ਬਾਹਰ ਸਿਗਰਟਾਂ ਪੀਂਦੇ ਰਹਿੰਦੇ ਨੇ- ਜਦੋਂ ਰੋਟੀ ਖਾ ਕੇ ਸੈਰ ਕਰਨ ਨਿਕਲਦੇ ਹਾਂ, ਸਾਰਾ ਲਾਅਨ ਧੂੰਏਂ ਨਾਲ ਭਰਿਆ ਹੁੰਦੈ। ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦੈ, ਕਿਉਂਕਿ ਮੈਂ ਆਪ ਵੀ ਚੋਰੀਓਂ ਸਿਗਰੇਟ ਪੀਂਦਾ ਸੀ, ਮੇਰਾ ਅੰਦਰਲਾ ਚੋਰ ਮੈਨੂੰ ਸਟੇਜ ‘ਤੇ ਸੂਚਨਾ ਦੇਣ ਤੋਂ ਰੋਕ ਲੈਂਦਾ। ਜਦੋਂ ਮਨੁੱਖ ਆਪ ਜੀ ਸੁਧਰਿਆ ਨਾ ਹੋਵੇ, ਤੇ ਜਿਸ ਗੱਲ ਤੇ ਆਪ ਅਮਲ ਨਾ ਕਰਦਾ ਹੋਵੇ, ਉਹ ਦੂਜੇ ਵਿਅਕਤੀਆਂ ‘ਤੇ ਥੋਪੀ ਨਹੀਂ ਜਾ ਸਕਦੀ। ਮੇਰੀ ਅੰਤਰ-ਆਤਮਾਂ ਨੇ ਮੈਨੂੰ ਇਹ ਸੁਨੇਹਾ ਦੇਣ ਤੋਂ ਰੋਕੀ ਰੱਖਿਆ। ਭਾਵੇਂ ਮੈਂ ਸਭ ਦੇ ਸਾਹਮਣੇ ਸਿਗਰੇਟ ਪੀਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ, ਆਪਣੇ ਆਪ ਨੂੰ ਕਈ ਵਾਰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਅਕਸਰ ਹੀ ਇਕਾਂਤ ‘ਚ ਆਪਣੇ ਕਿਸੇ ਨਾ ਕਿਸੇ ਸਿਗਰੇਟ ਪੀਣ ਵਾਲੇ ਸਾਥੀ ਨਾਲ ਸਿਗਰੇਟ ਪੀ ਲੈਂਦਾ। ਉਸ ਪਿਆਰੇ ਅਧਿਆਪਕ ਦਾ ਸੁਨੇਹਾ ਮੈਂ ਆਪਣੇ ਜੇਲ੍ਹ ਜੀਵਨ ਦੌਰਾਨ ਸਟੇਜ ‘ਤੇ ਨਾ‌ ਲਾ ਸਕਿਆ। ਇਸ ਦਾ ਮੈਨੂੰ ਸਦਾ ਅਫ਼ਸੋਸ ਰਹੇਗਾ।

ਕਹਿੰਦੇ ਹਨ:-
ਇਸ਼ਕ ਤੇ ਮੁਸ਼ਕ ਕਦੇ ਨਾ ਛੁਪਦੇ,
ਚਾਹੇ ਲੱਖ ਛੁਪਾਈਏ।

ਅਜਿਹੀਆਂ ਗੱਲਾਂ ਕਦੇ ਵੀ ਗੁੱਝੀਆਂ ਨਹੀਂ ਰਹਿ ਸਕਦੀਆਂ। ਇੱਕ ਦਿਨ ਪ੍ਰਧਾਨ ਸਰਦਾਰ ਤੇਜਾ ਸਿੰਘ ਜੀ ਨੇ ਮੈਨੂੰ ਆਪਣੇ ਕੋਲ਼ ਸੱਦਿਆ, ਕਹਿੰਦੇ,” ਜਸਪਾਲ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ।” ਮੈਂ ਉਹਨਾਂ ਨੂੰ ਕਿਹਾ,” ਹੁਕਮ ਸਰ! ਉਹਨਾਂ ਕਿਹਾ, ਅੱਜ ਨਹੀਂ ਫ਼ੇਰ ਕਰਾਂਗਾ। ਮੈਂ ਸਮਝਿਆ ਨਾ। ਅਗਲੇ ਦਿਨ ਫ਼ੇਰ ਸਵੇਰੇ ਜਦੋਂ, ਮੈਂ ਪ੍ਰਧਾਨ ਜੀ ਨੂੰ ਮਿਲਿਆ ਤਾਂ ਉਸ ਜ਼ਰੂਰੀ ਗੱਲ ਬਾਰੇ ਪੁੱਛਿਆ, ਉਹਨਾਂ ਕਿਹਾ, ਫ਼ੇਰ ਗੱਲ ਕਰਾਂਗੇ। ਉਹ ਸ਼ਾਇਦ ਕਿਸੇ ਮੌਕੇ ਦੀ ਤਲਾਸ਼ ਵਿੱਚ ਸਨ। ਪਰ ਮੇਰੀ ਗੱਲ ਪੁੱਛਣ ਦੀ ਤੀਬਰਤਾ ਵਧਦੀ ਗਈ। ਚਾਰ,ਪੰਜ ਦਿਨ ਇਸੇ ਤਰ੍ਹਾਂ ਹੀ ਨਿਕਲ ਗਏ। ਮੈਂ ਸੋਚਿਆ, ਮੈਥੋਂ ਕੋਈ ਅਜਿਹੀ ਗੱਲ ਤਾਂ ਨਹੀਂ ਹੋ ਗਈ, ਜਿਸ ਨੂੰ ਪ੍ਰਧਾਨ ਜੀ ਪੁੱਛਣ ਤੋਂ ਵੀ ਹਿਚਕਚਾ ਰਹੇ ਹਨ। ਇੱਕ ਦਿਨ ਦਿਲ ਤਕੜਾ ਕਰ ਕੇ, ਮੈਂ ਪ੍ਰਧਾਨ ਜੀ ਨੂੰ ਇਕੱਲਿਆਂ ਬੈਠੇ ਦੇਖ ਕੇ, ਪੁੱਛ ਹੀ ਲਿਆ, ਪ੍ਰਧਾਨ ਜੀ ਗੱਲ ਤਾਂ ਦੱਸੋ ?

ਉਹਨਾਂ ਕਿਹਾ,” ਮੈਨੂੰ ਵਰਮਾ ਜੀ ਤੋਂ ਪਤਾ ਲੱਗਿਐ, ਤੂੰ ਸਿਗਰੇਟ ਪੀਨੈਂ। ਇਹ ਗੱਲ ਸੱਚ ਹੈ‌ ? ਜੇ ਇਹ ਸੱਚ ਹੈ ਤਾਂ ਤੇਰੇ ਲਈ ਬਹੁਤ ਮਾੜੀ ਗੱਲ ਐ। ਸੋਹਣਾ ਸੁਨੱਖਾ ਮੁੰਡੈਂ, ਚੰਗਾ ਗਾ,ਬੋਲ ਲੈਨੈਂ। ਮੈਂ ਪਾਣੀ ਪਾਣੀ ਹੋ ਗਿਆ ਕਿਉਂ ਕਿ ਮੈਂ ਨਹੀਂ ਸੀ ਚਾਹੁੰਦਾ, ਜਿਸ ਬੰਦੇ ਦਾ ਮੈਂ ਐਨਾ ਸਤਿਕਾਰ ਕਰਦਾ ਹਾਂ, ਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ, ਉਹਨਾਂ ਨੂੰ ਮੇਰੀ ਕਿਸੇ ਕਮਜ਼ੋਰੀ ਦਾ ਪਤਾ ਲੱਗੇ।

ਮੈਂ ਬੇਪਰਦ ਹੋਣ ‘ਤੇ ਬੜਾ ਸ਼ਰਮਿੰਦਾ ਹੋਇਆ। ਮੇਰਾ ਸਤਿਕਾਰ ਪ੍ਰਧਾਨ ਜੀ ਪ੍ਰਤੀ ਹੋਰ ਵੱਧ ਗਿਆ ਤੇ ਸਿਗਰੇਟ ਚੋਰੀਓਂ ਪੀਣ ਦੀ ਸੀਮਾ ਇੱਕ-ਦੋ ਤੱਕ ਹੋ ਗਈ। ਅਸਲ ਵਿਚ ਇਹ ਸ਼ਰਮ ਦਾ ਪਰਦਾ ਮੈਂ ਨਹੀਂ ਲਾਹਿਆ ਸੀ, ਲਹਿ ਗਿਆ ਸੀ, ਮੈਂ ਇਸ ਕਿਤਾਬ ਨੂੰ ਲਿਖਣ ਲਈ ਪਿੱਛੇ ਪਾਉਂਦਾ ਗਿਆ ਕਿਉਂਕਿ ਮੈਨੂੰ ਇੱਕ ਵਾਰ ਫੇਰ ਬੇ-ਪਰਦ ਹੋਣਾ ਪੈਣਾ ਸੀ। ਸਭ ਤੋਂ ਵੱਧ ਮੇਰੇ ਗੁਰੂ ਪ੍ਰੋਫ਼ੈਸਰ ਗੁਰਬਚਨ ਸਿੰਘ ਨਰੂਆਣਾ, ਡਾਕਟਰ ਸੁਰਜੀਤ ਸਿੰਘ ਭੱਟੀ, ਡਾਕਟਰ ਟੀ.ਆਰ. ਵਿਨੋਦ, ਪ੍ਰੋਫੈਸਰ ਗੁਰਦਿਆਲ ਸਿੰਘ ਤੇ ਡਾਕਟਰ ਸਤਨਾਮ ਸਿੰਘ ਜੱਸਲ ਦੇ ਸਾਹਮਣੇ। ਮੈਂ ਸ਼ਰਮ ਨਾਲ ਮਰ ਕੇ ਵੀ ਜੀ ਰਿਹਾ ਹੋਵਾਂਗਾ।

(ਜਸਪਾਲ ਜੱਸੀ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਖੁਸ਼ੀਆਂ ਕਿਵੇਂ ਮਿਲਦੀਆਂ ਹਨ*
Next articleਮਜ਼ਦੂਰ