ਨਵੀਂ ਦਿੱਲੀ (ਸਮਾਜਵੀਕਲੀ) : ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਜਾਰੀ ਤਲਖੀ ਦਰਮਿਆਨ ਰੱਖਿਆ ਮੰਤਰਾਲੇ ਨੇ ਅੱਜ 38,900 ਕਰੋੜ ਰੁਪਏ ਮੁੱਲ ਦੇ ਮੂਹਰਲੀ ਕਤਾਰ ਦੇ ਜੰਗੀ ਜਹਾਜ਼ਾਂ, ਮਿਜ਼ਾਈਲ ਪ੍ਰਣਾਲੀ ਤੇ ਹੋਰ ਹਥਿਆਰਾਂ ਦੀ ਖਰੀਦ ਦੇ ਸੌਦੇ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਖਰੀਦ ਦਾ ਮੁੱਖ ਨਿਸ਼ਾਨਾ ਹਥਿਆਰਬੰਦ ਬਲਾਂ ਦੀ ਜੰਗੀ ਸਮਰਥਾਵਾਂ ਨੂੰ ਵਧਾਉਣਾ ਹੈ। ਅਧਿਕਾਰੀਆਂ ਨੇ ਕਿਹਾ ਕਿ 21 ਮਿੱਗ-29 ਜੰਗੀ ਜਹਾਜ਼ ਰੂਸ ਤੋਂ ਅਤੇ 12 ਸੂ-30 ਐੱਮਕੇਆਈ ਜਹਾਜ਼ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ ਤੋਂ ਖਰੀਦੇ ਜਾਣਗੇ। ਮੰਤਰਾਲੇ ਨੇ ਮੌਜੂਦਾ 59 ਮਿੱਗ-29 ਜਹਾਜ਼ਾਂ ਨੂੰ ਅਪਗ੍ਰੇਡ ਕਰਨ ਦੀ ਇਕ ਵੱਖਰੀ ਤਜਵੀਜ਼ ਵੀ ਪ੍ਰਵਾਨ ਕਰ ਲਈ ਹੈ। ਉਪਰੋਕਤ ਸਾਰੇ ਫੈਸਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਡਿਫੈਂਸ ਐਕੂਜ਼ੀਸ਼ਨ ਕੌਂਸਲ (ਡੈਕ) ਦੀ ਮੀਟਿੰਗ ’ਚ ਲਏ ਗਏ।
ਮੰਤਰਾਲੇ ਨੇ 248 ‘ਅਸਤਰਾ’ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਖਰੀਦ ਲਈ ਵੀ ਸਹਿਮਤੀ ਦੇ ਦਿੱਤੀ ਹੈ। ਇਹ ਮਿਜ਼ਾਈਲਾਂ ਜੰਗੀ ਮਸ਼ਕਾਂ ’ਚ ਕੰਮ ਅਾਉਂਦੇ ਸੁਪਰਸੌਨਿਕ ਜਹਾਜ਼ਾਂ ਨਾਲ ਮੱਥਾ ਲਾਉਣ ਤੇ ਉਨ੍ਹਾਂ ਨੂੰ ਦਿਨ ਜਾਂ ਰਾਤ ਕਿਸੇ ਵੀ ਮੌਸਮ ਵਿੱਚ ਤਬਾਹ ਕਰਨ ਦੇ ਸਮਰੱਥ ਹਨ। ਇਹੀ ਨਹੀਂ ਡੈਕ ਨੇ ਪਿਨਾਕਾ ਮਿਜ਼ਾਈਲ ਪ੍ਰਣਾਲੀ ਹਾਸਲ ਕਰਨ ਤੇ ਜ਼ਮੀਨ ਤੋਂ ਜ਼ਮੀਨ ਤਕ 1000 ਕਿਲੋਮੀਟਰ ਤਕ ਨਿਸ਼ਾਨਾ ਫੁੰਡਣ ਵਾਲੀਆਂ ਮਿਜ਼ਾਈਲਾਂ ਦੀ ਖਰੀਦ ਦੇ ਫੈਸਲੇ ’ਤੇ ਵੀ ਮੋਹਰ ਲਾ ਦਿੱਤੀ।