ਤਾਜ ਮਹਿਲ, ਕੁਤੁਬ ਮੀਨਾਰ ਤੇ ਲਾਲ ਕਿਲ੍ਹਾ 6 ਜੁਲਾਈ ਤੋਂ ਲੋਕਾਂ ਲਈ ਖੁੱਲ੍ਹਣਗੇ

ਨਵੀਂ ਦਿੱਲੀ (ਸਮਾਜਵੀਕਲੀ) :  ਸਭਿਆਚਾਰਕ ਮੰਤਰਾਲੇ ਨੇ ਅੱਜ ਕਿਹਾ ਕਿ ਸਾਰੀਆਂ ਏਐਸਆਈ ਸੁਰੱਖਿਅਤ ਯਾਦਗਾਰਾਂ 6 ਜੁਲਾਈ ਤੋਂ ਸਿਰਫ ਈ-ਟਿਕਟ ਰਾਹੀਂ ਦਾਖਲੇ ਨਾਲ ਆਮ ਲੋਕਾਂ ਲਈ ਮੁੜ ਖੋਲ੍ਹ ਦਿੱਤੀਆਂ ਜਾਣਗੀਆਂ। ਇਥੇ ਆਉਣ ਵਾਲਿਆਂ ਲਈ ਮਾਸਕ ਲਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਪਹਿਲਾਂ ਜੂਨ ਵਿੱਚ ਮੰਤਰਾਲੇ ਨੇ 820 ਅਜਿਹੀਆਂ ਥਾਵਾਂ ਨੂੰ ਮੁੜ ਖੋਲ੍ਹ ਦਿੱਤਾ ਸੀ ਜਿਥੇ ਧਾਰਮਿਕ ਪ੍ਰੋਗਰਾਮ ਹੁੰਦੇ ਸਨ।

ਕਾਬਿਲੇਗੌਰ ਹੈ ਕਿ 3691 ਅਜਿਹੀਆਂ ਥਾਵਾਂ ਹਨ ਜਿਨ੍ਹਾਂ ਦੀ ਦੇਖਭਾਲ ਭਾਰਤੀ ਪੁਰਾਤਤਵ ਸਰਵੇਖਣ(ਏਐਸਆਈ) ਵੱਲੋਂ ਕੀਤੀ ਜਾਂਦੀ ਹੈ। ਇਨ੍ਹਾਂ ਥਾਵਾਂ ਨੂੰ ਕਰੋਨਾ ਮਹਾਮਾਰੀ ਕਾਰਨ 17 ਮਾਰਚ ਨੂੰ ਬੰਦ ਕਰ ਦਿੱਤਾ ਗਿਆ ਸੀ। ਮੰਤਰਾਲੇ ਦਾ ਕਹਿਣਾ ਹੈ ਕਿ ਅਥਾਰਟੀ ਨੂੰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕਰੋਨਾ ਸਬੰਧੀ ਜਾਰੀ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ।

ਸਭਿਆਚਾਰਕ ਮੱਤਰੀ ਪ੍ਰਹਿਲਾਦ ਪਟੇਲ ਨੇ ਟਵੀਟ ਕੀਤਾ,‘’ ਮੈਂ ਸਭਿਆਚਾਰਕ ਮੰਤਰਾਲੇ ਅਤੇ ਏਐਸਆਈ ਨਾਲ ਮੀਟਿੰਗ ਤੋਂ ਬਾਅਦ ਛੇ ਜੁਲਾਈ ਤੋਂ ਸਾਰੀਆਂ ਯਾਦਗਾਰਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ’’ ਹਾਲਾਂਕਿ ਇਹ ਕੰਮ ਸੂਬਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਹੂਲਤ ਅਨੁਸਾਰ ਕੀਤਾ ਜਾਵੇਗਾ। ਮੰਤਰਾਲੇ ਦਾ ਕਹਿਣਾ ਹੈ ਕਿ ਸਿਰਫ ਉਹ ਸਮਾਰਕ ਹੀ ਖੋਲ੍ਹੇ ਜਾ ਰਹੇ ਹਨ ਜਿਹੜੇ ਕੰਟੇਨਮੈਂਟ ਜ਼ੋਨ ਵਿੱਚ ਨਹੀਂ ਆਉਂਦੇ। ਈ-ਪੇਅਮੈਂਟ ਰਾਹੀਂ ਹੀ ਈ ਟਿਕਟਾਂ ਲਈਆਂ ਜਾ ਸਕਣਗੀਆਂ।

ਇਥੇ ਦੋ ਪੜਾਵਾਂ ਵਿੱਚ ਦਾਖਲਾ ਹੋਵੇਗਾ ਤੇ ਹਰ ਪੜਾਅ ਵਿੱਚ ਇਕ ਹਜ਼ਾਰ ਵਿਅਕਤੀ ਹੀ ਸਮਾਰਕ ਵਿੱਚ ਜਾ ਸਕਣਗੇ ਜਦੋਂਕਿ ਤਾਜ ਮਹਿਲ ਵਿੱਚ ਪ੍ਰਤੀ ਪੜਾਅ 2500 ਅਤੇ ਕੁਤੁਬ ਮਿਨਾਰ ਅਤੇ ਲਾਲ ਕਿਲੇ ਵਿੱਚ 1500 ਸੈਲਾਨੀਆਂ ਨੂੰ ਪ੍ਰਤੀ ਪੜਾਅ ਜਾਣ ਦੀ ਇਜਾਜ਼ਤ ਹੋਵੇਗੀ। ਸੂਤਰਾਂ ਅਨੁਸਾਰ ਸਭਿਆਚਾਰਕ ਮੰਤਰਾਲਾ ਛੇ ਜੁਲਾਈ ਤੋਂ ਅਜਾਇਬਘਰ ਵੀ ਖੋਲ੍ਹ ਰਿਹਾ ਹੈ।

Previous articleਬੁਲੰਦਸ਼ਹਿਰ ਦੀ ਕੰਪਨੀ ਵੱਲੋਂ ਬੈਂਕਾਂ ਨੂੰ 424 ਕਰੋੜ ਰੁਪਏ ਦਾ ਚੂਨਾ
Next articleਰੱਖਿਆ ਕੌਂਸਲ ਵੱਲੋਂ 38900 ਕਰੋੜ ਰੁਪਏ ਦੇ ਖਰੀਦ ਸੌਦਿਆਂ ’ਤੇ ਮੋਹਰ