ਰੋਮੀ ਘੜਾਮੇਂ ਵਾਲ਼ਾ ਦੇ ਗੀਤ ‘ਪਿੰਡਾਂ ਦੀ ਗੇੜੀ’ ਦਾ ਪ੍ਰੋਮੋ ਰਿਲੀਜ਼

ਬਨੂੰੜ (ਸਮਾਜ ਵੀਕਲੀ) ਸ਼ੁੱਕਰਵਾਰ(ਰਮੇਸ਼ਵਰ ਸਿੰਘ) – ਆਪਣੀਆਂ ਇਨਕਲਾਬੀ ਤੇ ਸਿਆਸੀ ਵਿਅੰਗਮਈ ਰਚਨਾਵਾਂ ਲਈ ਮਸ਼ਹੂਰ ਗੀਤਕਾਰ ਅਤੇ ਗਾਇਕ ਰੋਮੀ ਘੜਾਮੇਂ ਵਾਲ਼ਾ ਦੇ ਨਵੇਂ ਗੀਤ ‘ਪਿੰਡਾਂ ਦੀ ਗੇੜੀ’ ਦਾ ਪ੍ਰੋਮੋ ਯੂ ਟਿਊਬ ‘ਤੇ ਤਾਜ ਵੀਡੀਓ ਸ਼ੂਟਿੰਗ ਦੇ ਮੈਨੇਜਿੰਗ ਡਾਇਰੈਕਟਰ ਭਿੰਦਰ ਤਾਜ ਵੱਲੋਂ ਰਿਲੀਜ਼ ਕੀਤਾ ਗਿਆ। ਵੀਡੀਓ ਸਟੋਰੀ ਦੇ ਮੁੱਖ ਅਦਾਕਾਰ ਹਰਪ੍ਰੀਤ ਸਿੰਘ ਧਰਮਗੜ੍ਹ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਦਿਸੰਬਰ ਨੂੰ ਰਿਲੀਜ਼ ਹੋਣ ਵਾਲ਼ਾ ਇਹ ਗੀਤ ਰੋਮੀ ਨੇ ਖੁਦ ਲਿਖਿਆ ਤੇ ਗਾਇਆ ਹੈ। ਸੰਗੀਤਕ ਧੁਨਾਂ ਸੰਗੀਤਕਾਰ ਮਨੀ ਬਚਨ ਨੇ ਸ਼ਿੰਗਾਰੀਆਂ ਤੇ ਸੁਰੋਂ ਭੰਗੜਾ ਗਰੁੱਪ ਅਤੇ ਮਾਡਲ ਪ੍ਰਿਆ ਰਾਜਪੁਰਾ ਨੇ ਫਿਲਮਾਂਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਜਿਕਰਯੋਗ ਹੈ ਕਿ ਕਿ ਬੋਲੀਆਨੁਮਾ ਗੀਤ ਪਿੰਡਾਂ ਦੀ ਗੇੜੀ ਵਿੱਚ ਪੁਆਧ ਖਿੱਤੇ ਦੇ ਜ਼ਿਲਿਆਂ ਪਟਿਆਲਾ, ਫਤਿਹਗੜ੍ਹ ਸਾਹਿਬ ਤੇ ਮੋਹਾਲੀ ਦੇ ਲੱਗਭਗ 60 ਪਿੰਡਾਂ ਦਾ ਬਹੁਤ ਹੀ ਖੂਬਸੂਰਤੀ ਨਾਲ਼ ਵਰਨਣ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਰੋਮੀ ਦੋ ਗੀਤ ਜਾਗ ਪੰਜਾਬ ਸਿਆਂ ਅਤੇ ਰੋਪੜ ਦੀ ਗੇੜੀ ਇਸੇ ਖਾਸ ਵੰਨਗੀ ਦੇ ਸਰੋਤਿਆਂ ਦੀ ਝੋਲ਼ੀ ਪਾ ਚੁੱਕਿਆ ਹੈ। ਫੋਨ ਕਾਲ ‘ਤੇ ਆਪਣੇ ਇਸ ਖਾਸ ਅੰਦਾਜ਼ ਬਾਰੇ ਪੁੱਛਣ ‘ਤੇ ਰੋਮੀ ਨੇ ਦੱਸਿਆ ਕਿ ਵੈਸੇ ਤਾਂ ਉਹ ਹਰ ਤਰ੍ਹਾਂ ਦਾ ਸਾਹਿਤ ਪੜ੍ਹਨ ਦਾ ਸ਼ੌਕੀਨ ਹੈ ਪਰ ਕਾਵਿ ਸਾਹਿਤ ਵਿੱਚ ਉਹਨੇ ਬਾਬੂ ਰਜ਼ਬ ਅਲੀ ਜੀ ਨੂੰ ਬਚਪਨ ਤੋਂ ਹੀ ਬਹੁਤ ਗਹੁ ਨਾਲ਼ ਪੜ੍ਹਿਆ। ਸੋ ਸ਼ਾਇਦ ਇਸ ਬਖਸ਼ਿਸ਼ ਦਾ ਇਹੀ ਵੱਡਾ ਕਾਰਨ ਹੈ। ਇਸ ਮੌਕੇ ਕੈਮਰਾਮੈਨ ਬਲਜੀਤ ਸਿੰਘ, ਅਸਿਸਟੈਂਟ ਰਾਜ ਕੁਮਾਰ, ਜਰਨੈਲ ਸਿੰਘ ਗਾਰਦੀਨਗਰ ਅਤੇ ਲੋਕ ਗਾਇਕ ਟਿੰਕੂ ਧਾਨੀਆਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

Previous articleਆਲਮੀ ਸਮੱਸਿਆਵਾਂ ਦੀ ਬਾਤ ਪਾਉਂਦੀ ਪੁਸਤਕ – ” ਗੱਲਾਂ ਚੌਗਿਰਦੇ ਦੀਆਂ “
Next articleਕਪੂਰਥਲਾ ਜਿਲ੍ਹੇ ਵਿਚ ਦੂਜੇ ਪੜਾਅ ਤਹਿਤ 1740 ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ