ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਰੋਡ ਮਜਾਰਾ ਵਿਚ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਕੁਮਾਰ ਰੋਡ ਮਜਾਰਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਪਿੰਡ ਵਿਚ ‘ਚਿੱਟੇ’ ਅਤੇ ਹੋਰ ਨਸ਼ਿਆਂ ਦੀ ਸਪਲਾਈ ਲਈ ਪੁੱਜੇ ਤਸਕਰਾਂ ਨੂੰ ਘੇਰ ਕੇ ਉਨ੍ਹਾਂ ਦੀ ਖੂਬ ਖੁੰਬ ਠੱਪੀ। ਪਿੰਡ ਵਾਸੀ ਇਨ੍ਹਾਂ ਨਸ਼ਾ ਤਸਕਰਾਂ ਦੀਆਂ ਕਾਰਵਾਈਆਂ ਤੋਂ ਬੇਹੱਦ ਪ੍ਰੇਸ਼ਾਨ ਸਨ। ਇਹ ਤਸਕਰ ਜਿੱਥੇ ਪਿੰਡ ਵਿਚ ਸ਼ਰੇਆਮ ਨਸ਼ੇ ਦੀ ਸਪਲਾਈ ਕਰਦੇ ਰਹੇ ਹਨ ਉੱਥੇ ਹੀ ਪਿੰਡ ਦੇ ਅਨੇਕਾਂ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿਚ ਆ ਕੇ ਆਪਣਾ ਜੀਵਨ ਬਰਬਾਦੀ ਵੱਲ ਲਿਜਾ ਰਹੇ ਹਨ। ਇਸ ਵਰਤਾਰੇ ਤੋਂ ਪੂਰਾ ਪਿੰਡ ਪ੍ਰੇਸ਼ਾਨ ਸੀ ਅਤੇ ਅੱਜ ਪਿੰਡ ਵਾਸੀਆਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਸਨ, ਨੇ ਇਕ ਯੋਜਨਾਬੰਦੀ ਤਹਿਤ ਨਸ਼ੇ ਦੇ ਤਸਕਰਾਂ ਨੂੰ ਘੇਰਨ ਦਾ ਪ੍ਰਣ ਲਿਆ ਸੀ ਅਤੇ ਸਵੇਰ ਵੇਲੇ ਹੀ ਉਦੋਂ ਪਿੰਡ ਵਿਖੇ ਰੌਲੇ ਰੱਪੇ ਵਾਲਾ ਮਾਹੌਲ ਬਣ ਗਿਆ ਜਦੋਂ ਨਸ਼ੇ ਦੀ ਖੇਪ ਲੈ ਕੇ ਪਿੰਡ ਪੁੱਜੇ ਨਸ਼ਾ ਤਸਕਰਾਂ ਨੂੰ ਪਿੰਡ ਵਾਸੀਆਂ ਵਲੋਂ ਗਲੀਆਂ ਵਿਚ ਘੇਰ ਲਿਆ ਗਿਆ ਅਤੇ ਉਨ੍ਹਾਂ ਦੀ ਭੁਗਤ ਵੀ ਸੁਆਰੀ ਗਈ। ਇਸ ਪਿੱਛੋਂ ਤਸਕਰਾਂ ਵਲੋਂ ਕਾਫੀ ਚਿਰ ਪਿੰਡ ਵਾਸੀਆਂ ਦੇ ਮਿੰਨਤਾਂ ਤਰਲੇ ਕੀਤੇ ਗਏ ਅਤੇ ਅੱਗੇ ਤੋਂ ਇਸ ਕੰਮ ਤੋਂ ਤੌਬਾ ਕਰਨ ਦਾ ਵਾਅਦਾ ਕੀਤਾ ਗਿਆ। ਇਸ ਬਾਰੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਵਾਇਰਲ ਹੋਈ ਜਿਸ ਵਿਚ ਨਸ਼ੇ ਦੇ ਤਸਕਰ ਇਸ ਕੰਮ ਤੋਂ ਤੌਬਾ ਕਰਦੇ ਨਜ਼ਰ ਆ ਰਹੇ ਹਨ ਅਤੇ ਪਿੰਡ ਵਾਸੀਆਂ ਦੀ ਕੁੱਟਮਾਰ ਤੋਂ ਬਚਣ ਲਈ ਤਰਲੇ ਕੱਢ ਰਹੇ ਹਨ। ਇਸ ਘਟਨਾ ਦੀ ਜਿੱਥੇ ਇਲਾਕੇ ਵਿਚ ਪੂਰੀ ਚਰਚਾ ਹੈ ਉੱਥੇ ਹੀ ਪੁਲੀਸ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਚਿੰਨ੍ਹ ਲੱਗ ਰਹੇ ਹਨ।ਪਿੰਡ ਵਿਚ ‘ਆਪ’ ਆਗੂ ਸੰਜੀਵ ਕੁਮਾਰ, ਰਾਮ ਪਾਲ, ਜੋਗਾ ਸਿੰਘ, ਓਮ ਪ੍ਰਕਾਸ਼, ਕਮਲਜੀਤ ਰਾਜੂ, ਸੁਰਿੰਦਰ ਸਿੰਘ, ਭੋਲਾ ਸਿੰਘ ਆਦਿ ਨੇ ਦੱਸਿਆ ਕਿ ਨਸ਼ੇ ਦੇ ਤਸਕਰਾਂ ਪ੍ਰਤੀ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਪਿੰਡ ਦੀ ਪੰਚਾਇਤ ਵਲੋਂ ਕੋਈ ਸਹਿਯੋਗ ਦਿੱਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਤੋਂ ਦੁਖੀ ਹੋ ਕੇ ਖੁਦ ਲਾਮਬੰਦ ਹੋ ਕੇ ਇਨ੍ਹਾਂ ਨਾਲ ਨਿਪਟਣ ਦਾ ਮਨ ਬਣਾਇਆ ਸੀ ਅਤੇ ਪਿੰਡ ਦੀ ਏਕਤਾ ਅੱਗੇ ਸਮਾਜ ਦੇ ਮਾੜੇ ਅਨਸਰਾਂ ਨੂੰ ਝੁਕਣਾ ਪਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਤਸਕਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਨ੍ਹਾਂ ਨੂੰ ਪੁਲੀਸ ਦੇ ਹਵਾਲੇ ਜਾਣ ਬੁੱਝ ਕੇ ਨਹੀਂ ਕੀਤਾ ਗਿਆ ਕਿਉਕਿ ਪੁਲੀਸ ’ਤੇ ਉਨ੍ਹਾਂ ਨੂੰ ਉੱਕਾ ਯਕੀਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਨਸਰਾਂ ਨੂੰ ਸੁਧਰਨ ਦਾ ਮੌਕਾ ਦਿੱਤਾ ਗਿਆ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਪਿੰਡ ਵਾਸੀਆਂ ਵਲੋਂ ਅਗਲੀ ਕਾਰਵਾਈ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।