ਲੁਧਿਆਣਾ– ਸਥਾਨਕ ਦਿੱਲੀ ਰੇਲ ਮਾਰਗ ਦੇ ਗਿਆਸਪੁਰਾ ਫਾਟਕ ’ਤੇ ਬੀਤੀ ਰਾਤ ਵਾਪਰੇ ਹਾਦਸੇ ਸਬੰਧੀ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਹਾਦਸੇ ਵਿੱਚ ਇਕ ਲੜਕੀ ਸਣੇ ਦੋ ਜਣਿਆਂ ਦੀ ਮੌਤ ਹੋ ਗਈ ਸੀ ਅਤੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਸਨ।
ਗਿਆਸਪੁਰਾ ਰੇਲਵੇ ਫਾਟਕ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਕਾਰਨ ਬੰਦ ਸੀ ਪਰ ਇਸ ਦੇ ਬਾਵਜੂਦ ਕੁਝ ਲੋਕ ਰੇਲਵੇ ਲਾਈਨ ਪਾਰ ਕਰ ਰਹੇ ਸਨ। ਇਸ ਕਾਰਨ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਗੁਰਪ੍ਰੀਤ ਕੌਰ ਵਾਸੀ ਮੁੰਡੀਆਂ ਅਤੇ ਰਤਨਜੀਤ ਵਾਸੀ ਸ਼ਿਮਲਾਪੁਰੀ ਦੀ ਮੌਤ ਹੋ ਗਈ ਸੀ। ਇਹ ਸਾਰੇ ਆਪਣੇ ਦੋ ਪਹੀਆ ਵਾਹਨਾਂ ਨਾਲ ਰੇਲਵੇ ਲਾਈਨ ਪਾਰ ਕਰ ਰਹੇ ਸਨ।
ਰੇਲਵੇ ਪੁਲੀਸ ਦੇ ਐੱਸਐੱਚਓ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਹਾਦਸਾ ਲੋਕਾਂ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਅਧਿਕਾਰੀਆਂ ਦੀ ਸ਼ਿਕਾਇਤ ਤੇ ਇਨ੍ਹਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕੀਤੀ ਗਈ ਹੈ।
ਇਸ ਦੌਰਾਨ ਹਾਦਸੇ ਦੀ ਮ੍ਰਿਤਕ ਗੁਰਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਵਲੋਂ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਲੁਧਿਆਣਾ-ਚੰਡੀਗੜ੍ਹ ਰੋਡ ਤੇ ਮੁੰਡੀਆਂ ਨੇੜੇ ਧਰਨਾ ਦੇ ਕੇ ਮੁਜ਼ਾਹਰਾ ਕੀਤਾ ਗਿਆ ਅਤੇ ਰੇਲਵੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ। ਮੁੰਡੀਆਂ ਚੌਕੀ ਦੇ ਇੰਚਾਰਜ ਹਰਭਜਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਆਵਜ਼ੇ ਲਈ ਲਿਖਣਗੇ।
ਇਸ ਦੌਰਾਨ ਗਿਆਸਪੁਰਾ ਰੇਲਵੇ ਫਾਟਕ ’ਤੇ ਅੱਜ ਪੁਲੀਸ ਵੱਲੋਂ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਸਨ ਤਾਂ ਜੋ ਬੀਤੀ ਰਾਤ ਵਾਲਾ ਹਾਦਸਾ ਮੁੜ ਤੋਂ ਨਾ ਵਾਪਰ ਸਕੇ। ਇਸ ਦੌਰਾਨ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
INDIA ਰੇਲ ਹਾਦਸਾ: ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਧਰਨਾ