ਦੋ ਹਿੱਸਿਆਂ ’ਚ ਮਿਲੀ ਲਾਪਤਾ ਲੜਕੀ ਦੀ ਲਾਸ਼

ਗੜ੍ਹਦੀਵਾਲਾ ਥਾਣੇ ਅਧੀਨ ਪੈਂਦੇ ਪਿੰਡ ਅਰਗੋਵਾਲ ਦੀ ਪਿਛਲੇ ਕਰੀਬ 4 ਮਹੀਨਿਆਂ ਤੋਂ ਲਾਪਤਾ ਗੁੱਜਰ ਪਰਿਵਾਰ ਦੀ ਇੱਕ ਲੜਕੀ ਦੀ ਲਾਸ਼ ਦੋ ਹਿੱਸਿਆਂ ਵਿੱਚ ਡੇਰੇ ਤੋਂ ਕੁਝ ਦੂਰੀ ’ਤੇ ਮਿਲੀ ਹੈ। ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਅੱਜ ਸਵੇਰੇ ਪਰਵਾਸੀ ਮਜ਼ਦੂਰ ਪਿੰਡ ਕਾਲਰਾਂ ਅਤੇ ਪਿੰਡ ਬਡਿਆਲ ਦੀ ਹੱਦਬੰਦੀ ’ਤੇ ਪੈਂਦੇ ਖੇਤਾਂ ਵਿੱਚ ਪਖਾਨੇ ਗਿਆ ਤਾਂ ਦੋ ਧੜਿਆਂ ਵਿੱਚ ਪਈ ਲਾਸ਼ ਵੇਖੀ। ਗੜ੍ਹਦੀਵਾਲਾ ਪੁਲੀਸ ਨੇ ਮ੍ਰਿਤਕ ਪਰਿਵਾਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਅੱਜ ਪਿੰਡ ਬਡਿਆਲ ਦੇ ਇੱਕ ਕਿਸਾਨ ਵੱਲੋਂ ਖੇਤੀ ਕੰਮਾਂ ਲਈ ਰੱਖਿਆ ਪਰਵਾਸੀ ਮਜ਼ਦੂਰ ਸਵੇਰੇ ਜਦੋਂ ਖੇਤਾਂ ਵੱਲ ਨੂੰ ਜੰਗਲ ਪਾਣੀ ਗਿਆ ਤਾਂ ਉੱਥੇ ਇੱਕ ਧੜ ਵੇਖਣ ’ਤੇ ਉਸ ਨੇ ਤੁਰੰਤ ਆਪਣੇ ਮਾਲਕ ਕਿਸਾਨ ਨੂੰ ਇਸ ਦੀ ਜਾਣਕਾਰੀ ਦਿੱਤੀ। ਪਤਾ ਲੱਗਣ ’ਤੇ ਸੂਰਮਦੀਨ ਪੁੱਤਰ ਬਰਕਤ ਅਲੀ ਹਾਲ ਵਾਸੀ ਅਰਗੋਵਾਲ ਨੇ ਦੱਸਿਆ ਕਿ ਉਸ ਦੀ ਭੈਣ ਸਫਾਂ (23) ਬੀਤੀ 7 ਨਵੰਬਰ ਸ਼ਾਮ ਨੂੰ ਘਰੋਂ ਪਸ਼ੂਆਂ ਦਾ ਚਾਰਾ ਲੈਣ ਲਈ ਗਈ ਸੀ, ਪਰ ਵਾਪਸ ਨਹੀਂ ਪਰਤੀ ਜਿਸ ’ਤੇ ਉਨ੍ਹਾਂ ਵਲੋਂ ਇਸ ਦੀ ਸੂਚਨਾ ਬਕਾਇਦਾ ਥਾਣਾ ਗੜ੍ਹਦੀਵਾਲਾ ਨੂੰ ਦਿੱਤੀ ਗਈ ਸੀ। ਉਨ੍ਹਾਂ ਵਲੋਂ ਲਾਪਤਾ ਲੜਕੀ ਦੀ ਪਿਛਲੇ ਕਰੀਬ 4 ਮਹੀਨਿਆਂ ਤੋਂ ਭਾਲ ਕੀਤੀ ਜਾ ਰਹੀ ਸੀ। ਅੱਜ ਕਿਸਾਨ ਵਲੋਂ ਦੱਸਣ ’ਤੇ ਜਦੋਂ ਆ ਕੇ ਵੇਖਿਆ ਤਾਂ ਉਸ ਦੀ ਮ੍ਰਿਤਕ ਦੇਹ ਪਿੰਡ ਕਾਲਰਾਂ ਅਤੇ ਪਿੰਡ ਬਡਿਆਲ ਦੇ ਖੇਤਾਂ ਵਿੱਚੋ ਗੁੱਜਰਾਂ ਦੇ ਡੇਰੇ ਤੋਂ ਲਗਪਗ 500 ਮੀਟਰ ਦੀ ਦੂਰੀ ਤੋਂ ਸਫੈਦਿਆਂ ਦੇ ਖੇਤਾਂ ਕੋਲੋਂ ਮਿਲੀ ਹੈ। ਪਿੰਡ ਕਾਲਰੇ ਦੇ ਖੇਤਾਂ ਵਿੱਚ ਉਸ ਦੀ ਖੋਪੜੀ ਤੇ ਮੂੰਹ ਦਾ ਜਬਾੜਾ ਮਿਲਿਆ, ਬਾਕੀ ਧੜ ਪਿੰਡ ਬਡਿਆਲ ਦੇ ਖੇਤਾਂ ਵਿੱਚੋਂ ਬਰਾਮਦ ਹੋਇਆ। ਸੂਰਮਦੀਨ ਨੇ ਦੱਸਿਆ ਕਿ ਕੱਪੜਿਆਂ ਤੋਂ ਉਸ ਦੀ ਭੈਣ ਸਫ਼ਾ ਦੀ ਪਛਾਣ ਹੋਈ ਹੈ। ਉਸ ਨੇ ਖਦਸ਼ਾ ਪ੍ਰਗਟ ਕੀਤਾ ਕਿ ਉਸ ਦੀ ਭੈਣ ਦਾ ਕਤਲ ਕਰਕੇ ਲਾਸ਼ ਇੱਥੇ ਸੁੱਟੀ ਗਈ ਹੈ। ਉਸ ਨੇ ਮੰਗ ਕੀਤੀ ਕਿ ਉਸ ਦੀ ਭੈਣ ਦੇ ਕਾਤਲਾਂ ਦਾ ਪਤਾ ਲਗਾ ਕੇ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

Previous articleਰਿਹਾਇਸ਼-ਵਿਹੂਣੇ ਪਾੜ੍ਹਿਆਂ ਬਾਰੇ ਛਾਬੜਾ ਚਿੰਤਤ
Next articleਰੇਲ ਹਾਦਸਾ: ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਧਰਨਾ