ਪਿਸ਼ਾਵਰ (ਸਮਾਜਵੀਕਲੀ) : ਲਹਿੰਦੇ ਪੰਜਾਬ ’ਚ ਮਾਨਵ ਰਹਿਤ ਫਾਟਕ ’ਤੇ ਰੇਲਗੱਡੀ ਅਤੇ ਵੈਨ ਵਿਚਕਾਰ ਵਾਪਰੇ ਹਾਦਸੇ ’ਚ ਮਾਰੇ ਗਏ 21 ਪਾਕਿਸਤਾਨੀ ਸਿੱਖ ਸ਼ਰਧਾਲੂਆਂ ’ਚੋਂ ਚਾਰ ਜੀਅ ਨਨਕਾਣਾ ਸਾਹਿਬ ’ਚ ਰਿਸ਼ਤੇਦਾਰ ਦੇ ਭੋਗ ’ਚ ਸ਼ਮੂਲੀਅਤ ਮਗਰੋਂ ਘਰ ਪਰਤ ਰਹੇ ਸਨ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਕਾਕਾ ਸਿੰਘ, ਪਪਿੰਦਰ ਸਿੰਘ, ਜੈ ਸਿੰਘ ਅਤੇ ਪਪਿੰਦਰ ਸਿੰਘ ਦੀ ਪਤਨੀ ਇਕ ਰਿਸ਼ਤੇਦਾਰ ਦੇ ਭੋਗ ਮਗਰੋਂ ਆਪਣੇ ਘਰ ਪਰਤ ਰਹੇ ਸਨ ਕਿ ਸ਼ੇਖੂਪੁਰਾ ਜ਼ਿਲ੍ਹੇ ’ਚ ਰੇਲਵੇ ਕ੍ਰਾਸਿੰਗ ’ਤੇ ਹਾਦਸਾ ਵਾਪਰ ਗਿਆ।
ਜੈ ਸਿੰਘ ਪਿਛਲੇ 10 ਸਾਲਾਂ ਤੋਂ ਖੈਬਰ ਪਖਤੂਨਖਵਾ ਦੀ ਰਾਜਧਾਨੀ ’ਚ ਗੁਰਦੁਆਰਾ ਭਾਈ ਜੋਗਾ ਸਿੰਘ ’ਚ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿਖਾ ਰਿਹਾ ਸੀ। ਮੁਹੱਲਾ ਜੋਗਨ ਸ਼ਾਹ ’ਚ ਊਸ ਦੇ ਗੁਆਂਢੀ ਰਵਿੰਦਰ ਸਿੰਘ ਅਤੇ ਹੋਰਾਂ ਨੂੰ ਜਦੋਂ ਹਾਦਸੇ ਬਾਰੇ ਪਤਾ ਲੱਗਾ ਤਾਂ ਊਹ ਰੋ ਪਏ। ਊਸ ਨੇ ਦੱਸਿਆ ਕਿ ਮੁਹੱਲੇ ’ਚ ਅਜਿਹਾ ਕੋਈ ਪਰਿਵਾਰ ਨਹੀਂ ਹੋਵੇਗਾ ਜਿਸ ਦਾ ਹਾਦਸੇ ’ਚ ਮਾਰੇ ਗਏ 21 ਸਿੱਖਾਂ ਨਾਲ ਕੋਈ ਰਿਸ਼ਤਾ ਨਾ ਹੋਵੇ।
ਊਸ ਮੁਤਾਬਕ ਊਹ ਕਈ ਦਹਾਕਿਆਂ ਤੋਂ ਇਕ ਪਰਿਵਾਰ ਵਾਂਗ ਇਥੇ ਰਹਿ ਰਹੇ ਹਨ ਅਤੇ ਪੂਰੇ ਸਿੱਖ ਭਾਈਚਾਰੇ ਨੂੰ ਹਾਦਸੇ ਨੇ ਹਿਲਾ ਕੇ ਰੱਖ ਦਿੱਤਾ ਹੈ। ਵੈਨ ’ਚ 26 ਸਿੱਖ ਸ਼ਰਧਾਲੂ ਸਵਾਰ ਸਨ ਜਿਨ੍ਹਾਂ ’ਚੋਂ 11 ਮਰਦਾਂ, 9 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਇਕ ਮੁਸਲਿਮ ਵਿਅਕਤੀ ਵੀ ਹਲਾਕ ਹੋਇਆ ਹੈ। ਪਰਿਵਾਰਾਂ ਵੱਲੋਂ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ।