ਪੰਜਾਬੀ ਪ੍ਰੇਮੀਆਂ ਨੂੰ ਵੱਜਿਆ ਕਰੋਨਾ ਦਾ ਡੰਗ

ਵੈਨਕੂਵਰ (ਸਮਾਜਵੀਕਲੀ) :  ਬੋਲੀ (ਪੰਜਾਬੀ) ਦੀ ਸੇਵਾ, ਪ੍ਰਚਾਰ ਤੇ ਪਸਾਰ ਦੇ ਨਾਂਅ ’ਤੇ ਕੈਨੇਡਾ ’ਚ ਗਰਮੀਆਂ ਕੱਟਣ ਵਾਲਿਆਂ ਦੀ ਇੱਛਾ ਨੂੰ ਇਸ ਵਾਰ ਕਰੋਨਾ ਲਾਗ ਦਾ ਡੰਗ ਵੱਜ ਗਿਆ ਤੇ ਉਹ ਭਾਰਤ ’ਚ ਮੁੜਕਾ ਸੁਕਾਉਣ ਲਈ ਮਜਬੂਰ ਹਨ। ਗਰਮੀਆਂ ’ਚ ਕੈਨੇਡਾ ਦੇ ਪੰਜਾਬੀਆਂ ਦੀ ਅਾਬਾਦੀ ਵਾਲੇ ਸ਼ਹਿਰਾਂ ’ਚ ਅਕਸਰ ਭਾਸ਼ਾ, ਬੋਲੀ ਜਾਂ ਸਹਿਤ ਨਾਲ ਜੋੜ ਕੇ ਕਾਨਫਰੰਸਾਂ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਦੇ ਬਹੁਤੇ ਬੁਲਾਰੇ ਪੰਜਾਬ ਤੋਂ ਆਏ ਸੱਜਣ ਹੁੰਦੇ ਸਨ।

ਮਾਂ ਬੋਲੀ ਦੀ ਸੇਵਾ ਦੇ ਨਾਂਅ ’ਤੇ ਸਰਦੇ ਪੁੱਜਦੇ ਲੋਕ ਚੰਦਾ ਦੇਣੋਂ ਨਾਂਹ ਨਹੀਂ ਕਰਦੇ, ਜਿਸ ਕਰਕੇ ਪ੍ਰਬੰਧਕਾਂ ਦਾ ਵੀ ਸੀਜ਼ਨ ਲੱਗ ਜਾਂਦਾ ਸੀ। ਪਰ ਇਸ ਵਾਰ ਕਰੋਨਾ ਨੇ ਸਥਾਨਕ ਪ੍ਰਮੋਟਰਾਂ ਨੂੰ ਜੇਬਾਂ ਟੋਹਣ ਤੇ ਭਾਰਤ ਬੈਠੇ ‘ਬੋਲੀ ਸੇਵਕਾਂ’ ਨੂੰ ਘਰਾਂ ’ਚ ਮੁੜਕਾ ਸੁਕਾਉਣ ਲਈ ਮਜਬੂਰ ਕਰ ਦਿੱਤਾ ਹੈ। ਮਾਂ ਬੋਲੀ ਸੇਵਾ ਦੇ ਨਾਂਅ ’ਤੇ ਹਰ ਸਾਲ ਦੋ ਚਾਰ ਸਮਾਗਮ ਕਰਵਾਉਂਦੇ ਰਹੇ ਵਾਕਫ਼ਕਾਰ ਨੇ ਕਿਹਾ ਕਿ ਸ਼ਾਇਦ ਇਸ ਵਾਰ ਉਸਨੂੰ ਖਰਚੇ ਪੂਰੇ ਕਰਨ ਲਈ ਬੇਰੀਆਂ ਤੋੜਨ ਜਾਣਾ ਪਏ।

ਇਕ ਪ੍ਰਮੋਟਰ ਮੁਤਾਬਕ ਕਰੋਨਾ ਲਾਗ ਨੇ ਊਸਦੇ ਸਾਰੇ ਸ਼ਡਿਊਲ ’ਤੇ ਪਾਣੀ ਫੇਰ ਦਿੱਤਾ। ਉਸ ਮੁਤਾਬਕ ਸੱਦੇ ਜਾਣ ਵਾਲੇ ‘ਪੰਜਾਬੀ ਪ੍ਰੇਮੀ’ ਦੱਸ ਰਹੇ ਨੇ ਕਿ ਉਨ੍ਹਾਂ ਲਈ ਗਰਮੀਆਂ ਕੱਟਣੀਆਂ ਔਖੀਆਂ ਹੋ ਰਹੀਆਂ ਹਨ। ਉਸਨੇ ਅੱਗੇ ਕਿਹਾ, ‘ਉਨ੍ਹਾਂ ਦੇ ਉੱਥੇ ਮੁੜਕੇ ਨਹੀਂ ਸੁੱਕਦੇ, ਪਰ ਇੱਧਰ ਸਾਡੇ ਪੇਟ ਸੁੱਕਦੇ ਜਾ ਰਹੇ ਹਨ।’

Previous articleਟਰੂਡੋ ਦੀ ਰਿਹਾਇਸ਼ ’ਤੇ ਟੱਕਰ ਮਾਰਨ ਵਾਲੇ ਖਿਲਾਫ਼ 22 ਧਾਰਾਵਾਂ ਲਾਈਆਂ
Next articleਰੇਲ-ਵੈਨ ਹਾਦਸਾ: ਮ੍ਰਿਤਕਾਂ ’ਚ ਇੱਕੋ ਪਰਿਵਾਰ ਦੇ 4 ਮੈਂਬਰ ਵੀ ਸ਼ਾਮਲ