ਨਵੀਂ ਦਿੱਲੀ (ਸਮਾਜ ਵੀਕਲੀ) : ਮਹਾਰਾਸ਼ਟਰ ਸਰਕਾਰ ਦੀ ਅਪੀਲ ਤੋਂ ਬਾਅਦ ਰੇਲਵੇ ਨੇ ਕ੍ਰਾਇਓਜੈਨਿਕ ਟੈਂਕਰਾਂ ’ਚ ਤਰਲ ਮੈਡੀਕਲ ਆਕਸੀਜਨ ਦੀ ਢੋਆ-ਢੁਆਈ ਲਈ ਇੱਕ ਨੀਤੀ ਤਿਆਰ ਕੀਤੀ ਹੈ। ਮਹਾਰਾਸ਼ਟਰ ਕਰੋਨਾ ਮਹਾਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ’ਚੋਂ ਇੱਕ ਹੈ। ਰੇਲਵੇ ਵੱਲੋਂ ਲੰਘੀ ਦੇਰ ਰਾਤ ਜਾਰੀ ਕੀਤੀ ਗਈ ਨੀਤੀ ’ਚ ਕਿਹਾ ਗਿਆ ਹੈ ਕਿ ਕ੍ਰਾਇਓਜੈਨਿਕ ਟੈਂਕਰਾਂ ਨੂੰ ਸੂਬਿਆਂ ਦੀਆਂ ਵੱਖ ਵੱਖ ਥਾਵਾਂ ਲਈ ‘ਰੋਲ ਆਨ-ਰੋਲ ਆਫ’ (ਰੋ-ਰੋ) ਸੇਵਾ ਤਹਿਤ ਭੁਗਤਾਨ ਵਜੋਂ ਲਿਜਾਇਆ ਜਾਵੇਗਾ।
ਇਸ ’ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਦੇ ਸਿਹਤ ਸਕੱਤਰ ਨੇ ਕ੍ਰਾਇਓਜੈਨਿਕ ਕੰਟੇਨਰਾਂ ਨਾਲ ਮੈਡੀਕਲ ਆਕਸੀਜਨ ਦੀ ਢੋਆ-ਢੁਆਈ ਲਈ ਅਪੀਲ ਕੀਤੀ ਸੀ। ਸਰਕੁਲਰ ’ਚ ਕਿਹਾ ਗਿਆ ਹੈ ਕਿ ਇਸ ਮਾਮਲੇ ’ਚ ਅਜ਼ਮਾਇਸ਼ ਕੀਤੀ ਗਈ ਹੈ ਅਤੇ ਸਮਰੱਥ ਅਥਾਰਿਟੀ ਨੇ ਕ੍ਰਾਇਓਜੈਨਿਕ ਕੰਟੇਨਰਾਂ ’ਚ ਤਰਲ ਮੈਡੀਕਲ ਆਕਸੀਜਨ ਦੀ ਢੋਆ-ਢੁਆਈ ਦੀ ਮਨਜ਼ੂਰੀ ਦੇ ਦਿੱਤੀ ਹੈ। ਸਰਕੁਲਰ ’ਚ ਇਸ ਸੇਵਾ ਲਈ ਲੱਗਣ ਵਾਲੇ ਟੈਕਸ ਦਾ ਬਿਓਰਾ ਵੀ ਹੈ।