ਨਿੱਜੀ ਵਾਹਨ ‘ਜਨਤਕ ਸਥਾਨ’ ਦੀ ਪਰਿਭਾਸ਼ਾ ਹੇਠ ਨਹੀਂ ਗਿਣੇ ਜਾ ਸਕਦੇ: ਸੁਪਰੀਮ ਕੋਰਟ

ਨਵੀਂ ਦਿੱਲੀ (ਸਮਾਜ ਵੀਕਲੀ) : ਸੁਪਰੀਮ ਕੋਰਟ ਨੇ ਕਿਹਾ ਹੈ ਕਿ ‘ਐਨਡੀਪੀਐੱਸ’ ਐਕਟ ਵਿਚ ‘ਜਨਤਕ ਸਥਾਨ’ ਦੀ ਜਿਹੜੀ ਪਰਿਭਾਸ਼ਾ ਦਿੱਤੀ ਗਈ ਹੈ, ਨਿੱਜੀ ਵਾਹਨ ਉਸ ਦੇ ਦਾਇਰੇ ਵਿਚ ਨਹੀਂ ਆਉਂਦੇ। ਇਹ ਟਿੱਪਣੀ ਸੁਪਰੀਮ ਕੋਰਟ ਦੇ ਬੈਂਚ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਖ਼ਿਲਾਫ਼ ਦਾਇਰ ਇਕ ਪਟੀਸ਼ਨ ਦੇ ਜਵਾਬ ਵਿਚ ਕੀਤੀ ਹੈ। ਇਕ ਜਨਤਕ ਸਥਾਨ ’ਤੇ ਜੀਪ ਵਿਚ ਬੈਠੇ ਮੁਲਜ਼ਮਾਂ ਕੋਲੋਂ ਭੁੱਕੀ ਦੇ ਦੋ ਬੈਗ ਬਰਾਮਦ ਹੋਏ ਸਨ।

ਟਰਾਇਲ ਅਦਾਲਤ ਨੇ ਇਸ ਕੇਸ ਵਿਚ ਮੁਲਜ਼ਮ ਮੇਜਰ ਸਿੰਘ ਨੂੰ ਬਰੀ ਕਰ ਦਿੱਤਾ ਸੀ ਜਦਕਿ ਬੂਟਾ ਸਿੰਘ, ਗੁਰਦੀਪ ਸਿੰਘ ਤੇ ਗੁਰਮੋਹਿੰਦਰ ਸਿੰਘ ਨੂੰ ਦੋਸ਼ੀ ਠਹਿਰਾ ਦਿੱਤਾ ਸੀ। ਮੁਲਜ਼ਮਾਂ ਨੇ ਸੁਪਰੀਮ ਕੋਰਟ ਵਿਚ ਕਿਹਾ ਕਿ ਜਿਸ ਵਾਹਨ ਵਿਚ ਨਸ਼ੀਲਾ ਪਦਾਰਥ ਮਿਲਿਆ ਸੀ, ਉਹ ਮੁਲਜ਼ਮ ਗੁਰਦੀਪ ਸਿੰਘ ਦਾ ਹੈ ਤੇ ਜਨਤਕ ਵਾਹਨ ਨਹੀਂ ਹੈ, ਹਾਲਾਂਕਿ ਖੜ੍ਹਾ ਇਹ ਜਨਤਕ ਮਾਰਗ ਉਤੇ ਹੀ ਸੀ। ਸਿਖਰਲੀ ਅਦਾਲਤ ਨੇ ਮੁਲਜ਼ਮਾਂ ਦੀ ਇਸ ਦਲੀਲ ਨੂੰ ਸਵੀਕਾਰ ਕੀਤਾ ਤੇ ਕਿਹਾ ਕਿ ਗਲਤ ਧਾਰਾਵਾਂ ਲਾਈਆਂ ਗਈਆਂ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਅਰਜ਼ੀਕਰਤਾ ਕਿਸੇ ਹੋਰ ਅਪਰਾਧ ਲਈ ਲੋੜੀਂਦਾ ਨਹੀਂ ਹੈ ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

Previous articleਰੇਲਵੇ ਵੱਲੋਂ ਤਰਲ ਮੈਡੀਕਲ ਆਕਸੀਜਨ ਦੀ ਢੋਆ-ਢੁਆਈ ਬਾਰੇ ਨੀਤੀ ਤਿਆਰ
Next articleਮੋਦੀ ਮੁਸੀਬਤ ਵੇਲੇ ਭੱਜਣ ਵਾਲੇ: ਪ੍ਰਿਯੰਕਾ