ਰੇਤ ਮਾਫੀਏ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਦੇ ਸੰਘਰਸ਼ ਦੀ ਹੋਈ ਜਿੱਤ

ਕੈਪਸ਼ਨ ਪਿੰਡ ਬਾਜਾ ਕੋਲ ਕਿਰਤੀ ਕਿਸਾਨ ਯੂਨੀਅਨ ਦੁਆਰਾ ਰੇਤ ਦੀ ਮਾਈਨਿੰਗ ਨੂੰ ਬੰਦ ਕਰਾਉਣ ਲਈ ਲੱਗੇ ਧਰਨੇ ਤੋਂ ਬਾਅਦ ਮਾਫੀਏ ਵੱਲੋਂ ਕੰਡਾ ਚੁੱਕਣ ਤੇ ਧਰਨੇ ਦੀ ਸਮਾਪਤੀ ਦੌਰਾਨ ਕਿਸਾਨ

ਰੇਤ ਮਾਫੀਏ ਨੇ ਕੰਡਾ ਚੁੱਕਣ ਤੋਂ ਬਾਅਦ ਕਿਸਾਨਾਂ ਨੇ 15 ਵੇਂ ਦਿਨ ਧਰਨਾ ਕੀਤਾ ਸਮਾਪਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ )-  ਦਰਿਆ ਬਿਆਸ ਦੇ ਕੰਢੇ ਤੋਂ ਪਿੰਡ ਬਾਜਾ ਕੋਲ ਰੇਤ ਦੀ ਮਾਈਨਿੰਗ ਬੰਦ ਕਰਵਾਉਣ ਲਈ ਪਿਛਲੇ ਮਹੀਨੇ 30 ਜਨਵਰੀ ਤੋਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਨੇ ਦਿਨ ਰਾਤ ਲਗਾਤਾਰ ਸੰਘਰਸ਼ ਵਿੱਢਿਆ ਹੋਇਆ ਸੀ। ਜਿਸ ਦੀ ਇਲਾਕੇ ਵਿਚ ਪੂਰੀ ਚਰਚਾ ਸੀ ਕਿ ਇਕ ਪਾਸੇ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਲਈ ਫ਼ਸਲਾਂ ਦੇ ਲਾਹੇਵੰਦ ਭਾਅ ਲੈਣ ਲਈ ਦਿੱਲੀ ਸਰਕਾਰ ਨਾਲ ਟੱਕਰ ਲੈ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਸਰਕਾਰ ਤੋਂ ਆਪਣੀਆਂ ਜ਼ਮੀਨਾਂ ਦਰਿਆਵਾਂ ਦੇ ਵਹਿਣ ਤੋਂ ਰੋਕਣ ਦੇ ਬਚਾਅ ਲਈ ਇੱਥੇ ਦਿਨ ਰਾਤ ਸੰਘਰਸ਼ ਕਰ ਰਹੇ ਹਨ ।

ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਰੇਤ ਮਾਫੀਏ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੀ ਅੱਜ ਉਸ ਵੇਲੇ ਜਿੱਤ ਹੋ ਗਈ ਜਦੋਂ ਰੇਤ ਮਾਫੀਏ ਵੱਲੋਂ ਕੰਡਾ ਚੁੱਕਣ ਤੋਂ ਬਾਅਦ ਸੰਘਰਸ਼ ਕਰ ਰਹੇ ਕਿਸਾਨਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕੀਤੀ ਤੇ ਪ੍ਰਸ਼ਾਦ ਵੰਡ ਕੇ ਸੰਘਰਸ਼ ਸਮਾਪਤ ਕਰਨ ਦਾ ਐਲਾਨ ਕੀਤਾ । ਇਸਦੇ ਨਾਲ ਹੀ ਕਿਰਤੀ ਕਿਸਾਨ ਯੂਨੀਅਨ ਨੇ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਨੂੰ ਸਫ਼ਲ ਕਰਨ ਲਈ ਅਰਦਾਸ ਕੀਤੀ। ਇਸ ਮੌਕੇ ਸਟੇਟ ਕਮੇਟੀ ਮੈਂਬਰ ਰਘਬੀਰ ਸਿੰਘ ਨੇ ਇਸ ਨੂੰ ਜਥੇਬੰਦੀ ਦੀ ਜਿੱਤ ਦੱਸਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਵੱਡੀ ਗਿਣਤੀ ਵਿੱਚ ਇਸ ਜਿੱਤ ਤੋਂ ਉਤਸ਼ਾਹਿਤ ਹੋ ਕੇ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਤਾਂ ਜੋ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾ ਸਕੇ ।

ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 14 ਫਰਵਰੀ ਨੂੰ ਜਥੇਬੰਦੀ ਵੱਲੋਂ ਫੱਤੂਢੀਂਗਾ ਅਤੇ ਤਲਵੰਡੀ ਚੌਧਰੀਆਂ ਵਿਖੇ ਸ਼ਾਮ 6 ਵਜੇ ਕੈਂਡਲ ਮਾਰਚ ਕੱਢ ਕੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ । ਇਸ ਮੌਕੇ ਤੇ ਸ਼ਮਸ਼ੇਰ ਸਿੰਘ ਰੱਤੜਾ, ਰੇਸ਼ਮ ਸਿੰਘ ਸਾਬਕਾ ਜ਼ਿਲਾ ਆਂਕਡ਼ਾ ਅਧਿਕਾਰੀ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਹੁਕਮ ਸਿੰਘ ਪ੍ਰਧਾਨ, ਮੋਹਨ ਸਿੰਘ, ਤਰਲੋਕ ਸਿੰਘ ਮੰਗੂਪੁਰ, ਗੁਰਦੀਪ ਸਿੰਘ ਫੁੰਮਣ ਸਿੰਘ ,ਛਿੰਦਰ ਸਿੰਘ, ਪਰਮਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।

Previous articleMan bets Rs 5K, 5kg almonds to run from Baghpat to Ghazipur
Next articleਹੱਕ