ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਰੂਹ ਨੂੰ ਕੰਬਾ ਦੇਣ ਵਾਲੀ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਤੇ 7 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਸੀ ਜਿਵੇਂ ਹੀ ਗੁਰੂ ਜੀ ਦਾ ਪਰਿਵਾਰ ਤੇ ਸਿੰਘ ਆਨੰਦਪੁਰ ਸਾਹਿਬ ਤੋਂ ਥੋੜ੍ਹਾ ਬਾਹਰ ਆਏ ਤਾਂ ਪਿੱਛੇ ਤੋਂ ਮੁਗਲਾਂ ਤੇ ਰਾਜਿਆਂ ਨੇ ਆਪਣੀਆਂ ਕਸਮਾਂ ਨੂੰ ਤੋੜਦੇ ਹੋਏ ਧੋਖੇ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।
ਇਹ ਲੜਾਈ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸਰਸਾ ਨਦੀ ਤੱਕ ਹੁੰਦੀ ਰਹੀ। ਗੁਰੂ ਜੀ ਦਾ ਪਰਿਵਾਰ ਵਿਛੜ ਗਿਆ। ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਦੇ ਰਸੋੀਏ ਗੰਗੂ ਨਾਲ ਸਹੇੜੀ ਆ ਗਏ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਚਲੇ ਗਏ ਅਤੇ ਗੁਰੂ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ, ਪੰਜ ਪਿਆਰਿਆਂ ਤੇ ਕੁਝ ਕੁ ਸਿੰਘਾਂ ਨਾਲ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ‘ਚ ਆ ਰੁਕੇ।
ਮੁਗਲ ਸੈਨਾ ਤੇ ਪਹਾੜੀ ਹਿੰਦੂ ਰਾਜਿਆਂ ਦੀ ਫੌਜ ਜਿਨ੍ਹਾਂ ਦੀ ਗਿਣਤੀ 10 ਲੱਖ ਦੇ ਲਗਭਗ ਸੀ, ਇਕੱਠੀ ਹੋ ਕੇ ਚਮਕੌਰ ਸਾਹਿਬ ਆ ਪੁੱਜੀ। ਗੁਰੂ ਜੀ ਕੋਲ ਸਿਰਫ 40 ਸਿੰਘ ਹੀ ਸਨ। ਗੁਰੂ ਜੀ ਨੇ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਹੋ ਕੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਕਿ ਸਾਰੇ ਸਿੰਘ ਵੱਖ-ਵੱਖ ਜਥੇ ਬਣਾ ਕੇ ਲੜਾਈ ਕਰਨਗੇ ਅਤੇ ਗੜ੍ਹੀ ‘ਚ ਥਾਂ-ਥਾਂ ‘ਤੇ ਮੋਰਚੇ ਲਗਾ ਦਿੱਤੇ ਗਏ। ਗੁਰੂ ਜੀ ਨੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਨੂੰ ਤਿਆਰ ਕੀਤਾ। ਗੁਰੂ ਜੀ ਦੇ ਪੰਜ ਪਿਆਰਿਆਂ ‘ਚੋਂ ਭਰਾ ਮੋਹਕਮ ਸਿੰਘ ਬਾਬਾ ਅਜੀਤ ਸਿੰਘ ਜੀ ਨਨੂੰ ਲੈ ਕੇ ਗੜ੍ਹੀ ਤੋਂ ਬਾਹਰ ਨਿਕਲੇ ਤੇ ਦੁਸ਼ਮਣ ਦੀ ਫੌਜ ‘ਤੇ ਹਮਲਾ ਕਰ ਦਿੱਤਾ। ਇਨ੍ਹਾਂ ਦੋਵਾਂ ਨੇ ਦੁਸ਼ਮਣ ਦੀ ਫੌਜ ‘ਤੇ ਹਮਲਾ ਕਰ ਦਿੱਤਾ। ਵਜ਼ੀਰ ਖਾਂ ਜੋ ਕਿ ਮੁਗਲਾਂ ਦਾ ਜਰਨੈਲ ਸੀ, ਨੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਘੇਰ ਲਿਆ। ਬਾਬਾ ਜੀ ਨੇ ਘੇਰੇ ‘ਚ ਵੀ ਹਜ਼ਾਰਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਸ਼ਹੀਦੀ ਦਾ ਜਾਮ ਪੀ ਲਿਆ।
ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਸੂਬਾ ਵਜ਼ੀਰਾ ਖਾਨ ਕੋਲ ਲਿਆਂਦਾ ਗਿਆ। ਇਥੇ ਉਨ੍ਹਾਂ ਨੂੰ ਠੰਡੇ ਬੁਰਜ ‘ਚ ਕੈਦ ਕਰਨ ਲਈ ਕਿਹਾ ਗਿਆ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ ਪਰ ਸਾਹਿਬਜ਼ਾਦਿਆਂ ਨੇ ਆਪਣਾ ਧਰਮ ਨੂੰ ਤਿਆਗਣਾ ਕਬੂਲ ਨਹੀਂ ਕੀਤਾ। 2 ਦਿਨ ਉਨ੍ਹਾਂ ਨੂੰ ਕਚਹਿਰੀ ‘ਚ ਪੇਸ਼ ਕੀਤਾ ਗਿਆ ਪਰ ਸਾਹਿਬਜ਼ਾਦੇ ਨਹੀਂ ਮੰਨੇ। ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਜੀਵਤ ਹੀ ਦੀਵਾਰਾਂ ‘ਚ ਚਿੰਨਵਾ ਕੇ ਸ਼ਹੀਦ ਕਰਨ ਦਾ ਹੁਕਮ ਜਾਰੀ ਕਰਵਾ ਦਿੱਤਾ। ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦਾ ਹੁਕਮ ਮਿਲਣ ‘ਤੇ 13 ਪੋਹ ਨੂੰ ਦੀਵਾਰਾਂ ‘ਚ ਚਿੰਨਵਾ ਦਿੱਤਾ ਗਿਆ ਤੇ ਜਦੋਂ ਸਾਹਿਬਜ਼ਾਦੇ ਦੀਵਾਰਾਂ ‘ਚ ਬੇਹੋਸ਼ ਹੋ ਗਏ ਤਾਂ ਉਨ੍ਹਾਂ ਨੂੰ ਬਾਹਰ ਕੱਢ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਜਦੋਂ ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਤਾ ਲਗਾ ਤਾਂ ਉਹ ਵੀ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੀ।