(ਸਮਾਜ ਵੀਕਲੀ)
ਪਿਆਰ ਇੱਕ ਛੋਟਾ ਜਿਹਾ ਸ਼ਬਦ ਹੈ ਜੋ ਆਪਣੇ ਅੰਦਰ ਬੜਾ ਕੁਝ ਸਮੋਈ ਬੈਠਾ ਹੈ ਤੇ ਇਸ ਦਾ ਭੇਤ ਉਹੀ ਪਾ ਸਕਦਾ ਹੈ ਜੋ ਇਸ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਪਿਆਰ ਹਰ ਇੱਕ ਦੇ ਦਿਲ ਵਿੱਚ ਉੱਭਰਦਾ ਹੈ, ਪਰ ਕਦੇ-ਕਦਾਈਂ ਇਹ ਨਫਰਤ ਥੱਲੇ ਦੱਬ ਕੇ ਰਹਿ ਜਾਂਦਾ ਹੈ ਅਤੇ ਕਦੇ-ਕਦਾਈਂ ਇਹ ਅਮਰ ਹੋ ਜਾਂਦਾ ਹੈ। ਪਿਆਰ ਕਰਨ ਵਾਲਿਆਂ ਨੂੰ ਹਰ ਵੇਲੇ ਪਿਆਰੇ ਨੂੰ ਮਿਲਣ ਦੀ ਚਾਹਤ ਹੁੰਦੀ ਹੈ ਤੇ ਪਿਆਰ ਕੀਤਾ ਨਹੀਂ ਜਾਂਦਾ ਲਗੋਂ ਇਹ ਮੱਲੋ-ਮੱਲੀ ਹੋ ਜਾਂਦਾ ਹੈ। ਜੋਬਨ ਰੁੱਤੇ ਪਿਆਰ ਦੇ ਰੰਗਾਂ ਵਿੱਚ ਰੰਗਿਆ ਮਨੁੱਖ ਸਮੁੱਚੀ ਕਾਇਨਾਤ ਨੂੰ ਭੁੱਲ ਕੇ ਆਪਣੇ ਪਿਆਰੇ ਤੱਕ ਹੀ ਸੀਮਿਤ ਹੋ ਜਾਂਦਾ ਹੈ। ਉਸ ਨੂੰ ਹਰ ਪਾਸੇ ਪਿਆਰ ਹੀ ਪਿਆਰ ਨਜ਼ਰ ਆਉਂਦਾ ਹੈ। ਪਿਆਰ ਉਹ ਬੂਟਾ ਹੈ ਜੋ ਬਿਨਾਂ ਲਾਇਆਂ ਉੱਗ ਆਉਂਦਾ ਹੈ ਅਤੇ ਮੁਲਾਕਾਤਾਂ ਦੇ ਪਾਣੀ ਨਾਲ ਇਹ ਬੂਟਾ ਜਵਾਨ ਹੁੰਦਾ ਹੈ। ਭਾਵੇਂ ਹੋਰ ਬੂਟੇ ਵਾੜ ਨਾ ਕੀਤੇ ਜਾਣ ਕਾਰਨ ਤੇਜ਼ ਵਗਦੀਆਂ ਪੌਣਾਂ ਕਾਰਨ ਜਾਂ ਪਸ਼ੂ-ਪੰਛੀਆਂ ਹੱਥੋਂ ਉੱਜੜ ਜਾਂਦੇ ਹਨ ਪਰ ਪਿਆਰ ਇੱਕ ਅਜਿਹਾ ਬੂਟਾ ਹੈ ਜੋ ਆਪਣੇ ਆਲੇ-ਦੁਆਲੇ ਵਾੜ ਲੱਗਣ ਤੇ ਮੁਰਝਾ ਜਾਂਦਾ ਹੈ। ਪਿਆਰ ਦੀ ਮਹਿੰਦੀ ਬਿਨਾਂ ਲਾਏ ਹੱਥਾਂ ਉੱਤੇ ਚੜ੍ਹ ਜਾਂਦੀ ਹੈ ਤੇ ਓਨਾ ਚਿਰ ਇਸ ਮਹਿੰਦੀ ਦਾ ਰੰਗ ਫਿੱਕਾ ਨਹੀਂ ਪੈਂਦਾ ਜਦੋਂ ਤੱਕ ਇਸ ਨੂੰ ਬਿਰਹੋਂ ਦਾ ਨਾਗ ਡਸ ਨਹੀਂ ਲੈਂਦਾ। ਪਿਆਰ ਸਾਗਰ ਦੇ ਪਾਣੀ ਵਰਗਾ, ਗੁਲਾਬ ਦੇ ਫੁੱਲਾਂ ਦੀ ਖੁਸ਼ਬੋ ਵਰਗਾ, ਤਾਰਿਆਂ ਦੀ ਲੋਅ ਵਰਗਾ, ਤਾਨਸੇਨ ਦੇ ਸੰਗੀਤ ਵਰਗਾ, ਬੱਚੇ ਦੇ ਮੂੰਹੋਂ ਨਿਕਲੇ ਤੋਤਲੇ ਸ਼ਬਦਾਂ ਵਰਗਾ ਅਤੇ ਹਵਾ ਵਿੱਚ ਉੱਡਦੇ ਪੰਛੀਆਂ ਵਰਗਾ ਕੁਦਰਤੀ ਅਨੁਭਵ ਹੈ ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਉਹ ਇਨਸਾਨ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਪਿਆਰੇ ਦਾ ਪਿਆਰ ਨਸੀਬ ਹੋ ਜਾਵੇ। ਪਿਆਰ ਦੋ ਰੂਹਾਂ ਦਾ ਮਿਲਾਪ ਹੈ। ਪਿਆਰ ਦੀ ਤਿਤਲੀ ਸਦਾ ਫੁੱਲਾਂ ਉੱਤੇ ਨੱਚਦੀ ਰਹਿੰਦੀ ਹੈ ਅਤੇ ਖੁਸ਼ਬੋ ਦਾ ਆਨੰਦ ਮਾਣਦੀ ਹੈ। ਜਦੋਂ ਪਿਆਰ ਭੰਵਰਿਆਂ ਦਾ ਰੂਪ ਧਾਰ ਕੇ ਰੂਹਾਂ ਨਾਲੋਂ ਸਰੀਰ ਨੂੰ ਵੱਧ ਅਹਿਮੀਅਤ ਦੇਣ ਲੱਗ ਪੈਂਦਾ ਹੈ ਤਾਂ ਇਸ ਵਿੱਚ ਕੁੜੱਤਣ ਉਪਜ ਪੈਂਦੀ ਹੈ।
ਪਿਆਰ ਵਿੱਚ ਮਨੁੱਖ ਨੂੰ ਇਕੱਲਤਾ ਦਾ ਅਨੁਭਵ ਨਹੀਂ ਹੁੰਦਾ ਤੇ ਜਦੋਂ ਮਨੁੱਖ ਕਿਸੇ ਸੱਜਣ ਦੇ ਪਿਆਰ ਅਨੁਭਵ ਵਿੱਚ ਬੱਝ ਜਾਂਦਾ ਹੈ ਤਾਂ ਉਸ ਦਾ ਆਪਾ ਭਾਵ ਹੀ ਉਸ ਨੂੰ ਇੱਕ ਵੱਖਰਾ ਅਹਿਸਾਸ ਕਰਵਾਉਣ ਲੱਗਦਾ ਹੈ ਜਿਸ ਵਿੱਚ ਉਸ ਨੂੰ ਹਰ ਪਾਸੇ ਖੇੜਾ ਬਣਿਆ ਜਾਪਦਾ ਹੈ। ਸਨੇਹ, ਦਿਆਲੂਪੁਣਾ, ਹਮਦਰਦੀ, ਭਰਾਤਰੀ-ਭਾਵ ਆਦਿ ਸਾਰੇ ਹੀ ਇੱਕ ਤਰ੍ਹਾਂ ਨਾਲ ਪਿਆਰ ਦੇ ਅਨੁਭਵ ਰੂਪ ਹਨ। ਇਸ ਦਾ ਕੰਮ ਜਾਤ-ਪਾਤ, ਊਚ-ਨੀਚ ਦੀਆਂ ਕੰਧਾਂ ਨੂੰ ਤੋੜ ਕੇ ਮਨਾਂ ਅੰਦਰ ਜਾ ਡੇਰੇ ਲਾਉਣਾ ਹੈ। ਇਹ ਮਨੁੱਖ ਲਈ ਇਸ ਦੁਨੀਆਂ ਦੇ ਹੜ੍ਹ ਵਿੱਚੋਂ ਨਿਕਲਣ ਲਈ ਚੱਪੂ ਦੀ ਤਰ੍ਹਾਂ ਹੀ ਉਸ ਦੀ ਮਦਦ ਕਰਦਾ ਹੈ। ਇਹ ਲਾਲਚ ਤੋਂ ਕੋਹਾਂ ਦੂਰ ਹੁੰਦਾ ਹੈ। ਅਸਲ ਵਿੱਚ ਜਿੱਥੇ ਪਿਆਰ ਕਿਸੇ ਲਾਲਚ ਲਈ ਕੀਤਾ ਗਿਆ ਹੋਵੇ ਜਾਂ ਫਿਰ ਕੀਤਾ ਜਾਂਦਾ ਹੈ ਤਾਂ ਫਿਰ ਉੱਥੇ ਫਰੇਬ, ਧੋਖਾ ਜਾਂ ਜਾਅਲਸਾਜ਼ੀ ਹੀ ਹੋ ਸਕਦੀ ਹੈ ਪਿਆਰ ਨਹੀਂ। ਪਿਆਕ ਕਦੇ ਨਫਾ-ਨੁਕਸਾਨ ਨਹੀਂ ਦੇਖਦਾ ਪ੍ਰੰਤੂ ਅਜੋਕੇ ਜੁਗਨੂੰਆਂ ਦਾ ਪਿਆਰ ਨਫੇ ਵਾਲਾ ਸਾਬਤ ਹੋ ਰਿਹਾ ਹੈ ਕਿਉਂਕਿ ਇਨ੍ਹਾਂ ਨੂੰ ਇਸ ਪਿਆਰ ਦੀ ਖੁਸ਼ਬੋ ਵਿੱਚੋਂ ਆਪਣੇ ਪਿਆਰੇ ਦੇ ਦੁੱਖ-ਦਰਦ ਦਾ ਅਨੁਭਵ ਘੱਟ ਤੇ ਆਰਥਿਕ ਅਤੇ ਸਰੀਰਕ ਨਫਾ ਜ਼ਿਆਦਾ ਨਜਰੀਂ ਪਿਆ ਆਉਂਦਾ ਹੈ। ਪਿਆਰ ਜੁਗਨੂੰਆਂ ਵਾਂਗ ਹਨੇਰ੍ਹਿਆਂ ਵਿੱਚ ਵੀ ਟਿਮਟਿਮਾਉਂਦਾ ਰਹਿੰਦਾ ਹੈ।
ਪਿਆਰ ਨੂੰ ਰੱਬ ਦੀ ਇਬਾਦਤ ਦੇ ਬਰਾਬਰ ਦਾ ਰੁਤਬਾ ਹਾਸਲ ਹੈ। ਇਸੇ ਕਰਕੇ ਸੂਫੀ ਲੋਕ ਪਿਆਰ ਦੀਆਂ ਤੰਦਾਂ ਦੇ ਰਸਤੇ ਮੁਰਸ਼ਦ ਦੀ ਇਬਾਦਤ ਕਰਨ ਨੂੰ ਹੀ ਆਪਣਾ ਅਸਲ ਫਰਜ਼ ਸਮਝਦੇ ਸੀ। ਪਿਆਰ ਰੂਹਾਨੀ ਹੂਕ ਵਰਗਾ ਹੈ ਜੋ ਕਿਸੇ ਸੂਫੀ ਦਰਵੇਸ਼ ਦੁਆਰਾ ਆਪਣੇ ਮੁਰਸ਼ਦ ਦੇ ਪਿਆਰ ਨੂੰ ਪ੍ਰਗਟਾਉਣ ਲਈ ਦਿੱਤੀ ਗਈ ਹੋਵੇ। ਅੱਜ ਤੋਂ ਸਦੀਆਂ ਪਹਿਲਾਂ ਦਾ ਇਹ ਦਸਤੂਰ ਚਲਿਆ ਆ ਰਿਹਾ ਹੈ ਕਿ ਕੋਈ ਵੀ ਸਾਧੂ,ਸੰਤ,ਫਕੀਰ,ਸੂਫੀ ਦਰਵੇਸ਼ ਹੋਵੇ ਉਸ ਨੇ ਰੱਬ ਨੂੰ ਪਾਉਣ ਦਾ ਜਿਹੜਾ ਵੀ ਰਸਤਾ ਅਖਤਿਆਰ ਕੀਤਾ ਉਸ ਦਾ ਪੰਧ ਸਿਰਫ ਤੇ ਸਿਰਫ ਪਿਆਰ ਹੀ ਰਿਹਾ ਹੈ। ਪਿਆਰ ਰੂਹਾਨੀ ਵੀ ਹੁੰਦਾ ਹੈ ਪਿਆਰ ਹਕੀਕੀ ਵੀ ਹੁੰਦਾ ਹੈ ਤੇ ਪਿਆਰ ਮਿਜ਼ਾਜੀ ਵੀ ਹੁੰਦਾ ਹੈ। ਅੱਜਕੱਲ੍ਹ ਬਹੁਤਾ ਕਰਕੇ ਮਿਜ਼ਾਜੀ ਪਿਆਰ ਹੀ ਵੇਖਣ ਨੂੰ ਮਿਲਦਾ ਹੈ ਜੋ ਸਿਰਫ ਤੇ ਸਿਰਫ ਮਤਲਬ ਲਈ ਤੇ ਰਿਸ਼ਤਿਆਂ ਦੀ ਖਾਨਾਪੂਰਤੀ ਲਈ ਹੀ ਹੁੰਦਾ ਵੇਖਿਆ ਜਾ ਸਕਦਾ ਹੈ। ਪਿਆਰ ਹੁੰਢਾਉਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ। ਪੁਰਾਣੇ ਸਮਿਆਂ ਤੋਂ ਲੈ ਕੇ ਅਜੋਕੇ ਦੌਰ ਤੱਕ ਲੱਖਾਂ ਪ੍ਰੇਮੀਆਂ ਦੀਆਂ ਪ੍ਰੇਮ ਕਥਾਵਾਂ ਅਸੀਂ ਦੇਖਦੇ-ਸੁਣਦੇ ਆਏ ਹਾਂ ਜਿਨ੍ਹਾਂ ਵਿੱਚੋਂ ਕਈ ਤਰ੍ਹਾਂ ਦੇ ਸਬਕ ਵੀ ਸਿੱਖਣ ਨੂੰ ਮਿਲਦੇ ਹਨ ਪ੍ਰੰਤੂ ਸਾਡੇ ਅਜੋਕੇ ਜੁਗਨੂੰ ਉਹਨਾਂ ਵਿੱਚੋਂ ਸਿੱਖਿਆਮੂਲਕ ਵਿਚਾਰਾਂ ਨੂੰ ਤਾਂ ਘੱਟ ਹੀ ਗੌਲਦੇ ਹਨ ਸਗੋਂ ਉਲਟਾ ਕਮੀਆਂ ਨੂੰ ਆਪਣੇ ਅੰਦਰ ਤੇਜ਼ੀ ਨਾਲ ਜਜ਼ਬ ਕਰਦੇ ਹਨ ਜੋ ਕਿ ਅਜੋਕੇ ਦੌਰ ਵਿੱਚ ਸਮਾਜਿਕ ਤਾਣੇ-ਬਾਣੇ ਨੂੰ ਵੀ ਮਲੀਆਮੇਟ ਕਰ ਰਹੀਆਂ ਹਨ। ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝ ਨਹੀਂ ਪਾ ਰਹੇ ਜਿਸ ਕਰਕੇ ਸਮਾਜਿਕ ਰਿਸ਼ਤਿਆਂ ਦਾ ਘਾਣ ਹੁੰਦਾ ਜਾ ਰਿਹਾ ਹੈ। ਆਪਸੀ ਪ੍ਰੇਮ-ਭਾਵ ਦਾ ਅਹਿਸਾਸ ਵਿਰਲਾ ਹੀ ਵੇਖਣ ਨੂੰ ਮਿਲਦਾ ਹੈ। ਪਿਆਰ ਦਾ ਅਸਲੀ ਮੰਤਵ ਹੀ ਇਹ ਹੈ ਕਿ ਹਰ ਇੱਕ ਸਮਾਜਿਕ ਪ੍ਰਾਣੀ ਸਮਾਜ ਵਿੱਚ ਇੱਕ-ਦੂਜੇ ਦੇ ਦੁੱਖ-ਦਰਦ ਨੂੰ ਸਮਝ ਕੇ ਹਰ ਇੱਕ ਦਾ ਦਾਰੂ ਬਣੇ।
ਪਿਆਰ ਦੀ ਪਰਿਭਾਸ਼ਾ ਨੂੰ ਹਰ ਕੋਈ ਨਹੀਂ ਸਮਝ ਸਕਦਾ ਤੇ ਨਾ ਹੀ ਇਸ ਦੀ ਅਸਲ ਨੀਂਹ ਰੱਖ ਸਕਦਾ ਹੈ ਤੇ ਨਾ ਹੀ ਇਸ ਨੂੰ ਪੂਰ ਚੜ੍ਹਾ ਸਕਦਾ ਹੈ। ਇਹ ਦੁਨਿਆਵੀ ਨਹੀਂ ਰੂਹਾਨੀ ਹੁੰਦਾ ਹੈ। ਇਹ ਨੈਣਾਂ ਦੀ ਲੋਅ ਵਿੱਚ ਹੀ ਰਹਿੰਦਾ ਹੈ ਇਹ ਦਿਲ ਦੀਆਂ ਗਹਿਰਾਈਆਂ ਵਿੱਚ ਹੀ ਸਮਾਇਆ ਬੈਠਾ ਹੈ। ਇਹ ਸੱਜਣ ਦੇ ਮਿਲਣ ਦੀ ਤਾਂਘ ਹੈ। ਇਹ ਕਿਸੇ ਦੇ ਹੱਥਾਂ ਵਿੱਚ ਕੈਦ ਨਹੀਂ ਇਹ ਤਾਂ ਫੁੱਲਾਂ ਦੀ ਖੁਸ਼ਬੋ ਵਾਂਗ ਹੈ ਤੇ ਸ਼ਹਿਦ ਦੀ ਮਿਠਾਸ ਵਾਂਗ ਹੈ ਜਿਸ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਕਦੇ ਦੇਖਿਆ ਤੇ ਫੜ੍ਹਿਆ ਨਹੀਂ ਜਾ ਸਕਦਾ। – ਇੰਸ.ਗੁਰਪ੍ਰੀਤ ਸਿੰਘ ਚੰਬਲ
ਜ਼ਿਲ੍ਹਾ ਸੈਨਿਕ ਬੋਰਡ,ਪਟਿਆਲਾ
ਸੰਪਰਕ ਨੰ: 98881-40052
ਈ-ਮੇਲ: [email protected]