ਮਾਸਕੋ (ਸਮਾਜ ਵੀਕਲੀ) : ਰੂਸ ਵਿੱਚ ਵਿਰੋਧੀ ਧਿਰ ਦੇ ਸਿਆਸਤਦਾਨ ਅਲੈਕਸੀ ਨੈਵਲਨੀ ਇਕ ਜਹਾਜ਼ ਯਾਤਰਾ ਦੌਰਾਨ ਕਥਿਤ ਤੌਰ ’ਤੇ ਜ਼ਹਿਰ ਦਿੱਤੇ ਜਾਣ ਕਾਰਨ ਬਿਮਾਰ ਹੋ ਗਏ, ਜਿਨ੍ਹਾਂ ਨੂੰ ਸਾਇਬੇਰੀਆ ਦੇ ਇਕ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ ਅਤੇ ਊਹ ਕੋਮਾ ’ਚ ਹਨ।
ਊਨ੍ਹਾਂ ਦੀ ਤਰਜ਼ਮਾਨ ਕੀਰਾ ਯਾਰਮੀਸ਼ ਨੇ ਕਿਹਾ, ‘‘ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਵਿਰੋਧੀ ਨੈਵਲਨੀ ਸਾਇਬੇਰੀਆ ਦੇ ਸ਼ਹਿਰ ਤੋਮਸਕ ਤੋਂ ਜਹਾਜ਼ ਰਾਹੀਂ ਮਾਸਕੋ ਪਰਤ ਰਹੇ ਸਨ ਤਾਂ ਊਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ, ਜਿਸ ਕਾਰਨ ਜਹਾਜ਼ ਨੂੰ ਹੰਗਾਮੀ ਹਾਲਾਤ ਵਿੱਚ ਓਮਸਕ ਵਿੱਚ ਊਤਾਰਨਾ ਪਿਆ। ਨੈਵਲਨੀ ਨੂੰ ਜ਼ਹਿਰ ਦਿੱਤਾ ਗਿਆ ਹੈ।’’ ਊਨ੍ਹਾਂ ‘ਈਕੋ ਮੋਸਕਵੀ’ ਰੇਡੀਓ ਸਟੇਸ਼ਨ ਨੂੰ ਦੱਸਿਆ, ‘‘ਨੈਵਲਨੀ ਨੂੰ ਪਸੀਨਾ ਆ ਰਿਹਾ ਸੀ ਅਤੇ ਊਨ੍ਹਾਂ ਨੇ ਮੈਨੂੰ ਆਪਣੇ ਨਾਲ ਗੱਲ ਕਰਨ ਲਈ ਕਿਹਾ ਤਾਂ ਜੋ ਊਹ ਆਵਾਜ਼ ’ਤੇ ਧਿਆਨ ਕੇਂਦਰਿਤ ਕਰ ਸਕਣ।’’
ਊਪਰੰਤ ਊਹ ਬਾਥਰੂਮ ਗਏ ਅਤੇ ਬੇਸੁੱਧ ਹੋ ਗਏ। ਯਾਰਮੀਸ਼ ਨੇ ਕਿਹਾ ਕਿ ਨੈਵਲਨੀ ਨੂੰ ਸਵੇਰ ਦੀ ਚਾਹ ਵਿੱਚ ਹੀ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਸੀ। ਊਨ੍ਹਾਂ ਟਵੀਟ ਕੀਤਾ, ‘‘ਡਾਕਟਰਾਂ ਦਾ ਕਹਿਣਾ ਹੈ ਕਿ ਜ਼ਹਿਰ ਕਿਸੇ ਗਰਮ ਤਰਲ ਪਦਾਰਥ ਵਿੱਚ ਮਿਲਾ ਕੇ ਦਿੱਤਾ ਗਿਆ ਹੈ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਨੇ ਹਸਪਤਾਲ ਦੇ ਡਾਕਟਰਾਂ ਦੇ ਹਵਾਲੇ ਨਾਲ ਦੱਸਿਆ ਕਿ ਨੈਵਲਨੀ ਦੀ ਹਾਲਤ ਗੰਭੀਰ ਹੈ।’’ ਯਾਰਮੀਸ਼ ਅਨੁਸਾਰ ਨੈਵਲਨੀ ਦੀ ਪਤਨੀ ਯੂਲੀਆ ਦੁਪਹਿਰ ਨੂੰ ਹੀ ਹਸਪਤਾਲ ਪਹੁੰਚ ਗਈ ਸੀ ਪਰ ਸਿਹਤ ਕਾਮਿਆਂ ਨੇ ਊਸ ਨੂੰ ਊਸ ਦੇ ਪਤੀ ਤੋਂ ਮਿਲਣ ਨਹੀਂ ਦਿੱਤਾ।