ਮਾਸਕੋ : ਰੂਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਨੇ ਉੱਤਰੀ ਕੋਰੀਆ ਦੇ 260 ਤੋਂ ਜ਼ਿਆਦਾ ਮਛੇਰਿਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਦੇਸ਼ ਦੇ ਪੂਰਬੀ ਤੱਟੀ ਇਲਾਕੇ ਤੋਂ ਫੜਿਆ ਗਿਆ ਹੈ। ਰੂਸ ਨੇ ਪਿਛਲੇ ਹਫ਼ਤੇ ਵੀ ਜਾਪਾਨ ਸਾਗਰ ਵਿਚ 160 ਤੋਂ ਜ਼ਿਆਦਾ ਉੱਤਰੀ ਕੋਰਿਆਈ ਮਛੇਰਿਆਂ ਨੂੰ ਹਿਰਾਸਤ ਵਿਚ ਲਿਆ ਸੀ। ਇਸ ਸਮੁੰਦਰੀ ਖੇਤਰ ਤੋਂ ਰੂਸ, ਜਾਪਾਨ, ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੀਆਂ ਸਰਹੱਦਾਂ ਲੱਗਦੀਆਂ ਹਨ। ਇਸ ਲਈ ਇਨ੍ਹਾਂ ਦੇਸ਼ਾਂ ਵਿਚ ਮੱਛੀਆਂ ਫੜਨ ਦੇ ਅਧਿਕਾਰ ਨੂੰ ਲੈ ਕੇ ਅਕਸਰ ਵਿਵਾਦ ਹੁੰਦਾ ਰਹਿੰਦਾ ਹੈ। ਰੂਸ ਦੀ ਸੁਰੱਖਿਆ ਸੇਵਾ ਐੱਫਐੱਸਬੀ ਨੇ ਕਿਹਾ ਕਿ ਅੱਠ ਕਿਸ਼ਤੀਆਂ ‘ਤੇ ਸਵਾਰ 262 ਉੱਤਰੀ ਕੋਰਿਆਈ ਮਛੇਰਿਆਂ ਨੂੰ ਰੋਕਿਆ ਗਿਆ। ਉਨ੍ਹਾਂ ਨੂੰ ਫੜ ਕੇ ਤੱਟੀ ਸ਼ਹਿਰ ਨਾਖੋਦਕਾ ਲਿਆਂਦਾ ਗਿਆ ਹੈ। ਉਨ੍ਹਾਂ ਕੋਲੋਂ ਗ਼ੈਰ ਕਾਨੂੰਨੀ ਮੱਛੀਆਂ ਫੜਨ ਦੇ ਉਪਕਰਣ ਬਰਾਮਦ ਕੀਤੇ ਗਏ ਹਨ। ਐੱਫਐੱਸਬੀ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਇਕ ਉੱਤਰੀ ਕੋਰਿਆਈ ਕਿਸ਼ਤੀ ਨਾਲ ਹੋਈ ਝੜਪ ਵਿਚ ਰੂਸੀ ਤੱਟ ਰੱਖਿਅਕ ਬਲ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ। ਇਹ ਕਿਸ਼ਤੀ ਹਥਿਆਰਾਂ ਨਾਲ ਲੈਸ ਸੀ। ਇਸ ਕਿਸ਼ਤੀ ‘ਤੇ ਸਵਾਰ ਮਛੇਰਿਆਂ ਨੂੰ ਫੜਨ ਲਈ ਜਹਾਜ਼ਾਂ ਅਤੇ ਵਿਸ਼ੇਸ਼ ਬਲਾਂ ਦੀ ਮਦਦ ਲਈ ਗਈ ਸੀ।
World ਰੂਸ ਨੇ ਉੱਤਰੀ ਕੋਰੀਆ ਦੇ 260 ਮਛੇਰਿਆਂ ਨੂੰ ਫੜਿਆ