* ਭਾਰਤ ਦੀ ‘ਐਕਟ ਈਸਟ ਪਾਲਿਸੀ’ ਨੂੰ ਦੱਸਿਆ ਅਹਿਮ * ਨਿਵੇਸ਼ ਦੇ ਮੌਕੇ ਖੋਲ੍ਹਣ ਲਈ ਰੂਸੀ ਸਦਰ ਦੀ ਕੀਤੀ ਤਾਰੀਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ, ਰੂਸ ਦੇ ਪੂਰਬੀ ਖੇਤਰ ਦੇ ਵਿਕਾਸ ਲਈ ਉਹਦੇ ਨਾਲ ਮਿਲ ਦੇ ਕੰਮ ਕਰੇਗਾ। ਉਨ੍ਹਾਂ ਵਸੀਲਿਆਂ ਨਾਲ ਭਰਪੂਰ ਇਸ ਖੇਤਰ ਦੇ ਵਿਕਾਸ ਲਈ ਇਕ ਅਰਬ ਡਾਲਰ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ। ਸ੍ਰੀ ਮੋਦੀ ਨੇ ਪੰਜਵੇਂ ਪੂਰਬੀ ਆਰਥਿਕ ਫੋਰਮ (ਈਈਐੱਫ਼) ਦੇ ਮੁਕੰਮਲ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਤੇ ਰੂਸ ਵਿਚਾਲੇ ਦੋਸਤੀ ਰਾਜਧਾਨੀਆਂ ਤਕ ਸਰਕਾਰੀ ਪੱਧਰ ਦੇ ਸੰਵਾਦ ਤਕ ਸੀਮਤ ਨਹੀਂ ਹਨ। ਪ੍ਰਧਾਨ ਮੰਤਰੀ ਨੇ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਭਾਰਤ ਦਾ ਰੂਸ ਦੇ ਪੂਰਬੀ ਖੇਤਰ ਨਾਲ ਕਾਫ਼ੀ ਪੁਰਾਣਾ ਰਿਸ਼ਤਾ ਹੈ। ਭਾਰਤ ਪਹਿਲਾ ਮੁਲਕ ਸੀ, ਜਿਸ ਨੇ ਵਲਾਦੀਵੋਸਤੋਕ ਵਿੱਚ ਕੌਂਸੁਲੇਟ ਖੋਲ੍ਹਿਆ ਹੈ।’ ਸ੍ਰੀ ਮੋਦੀ ਨੇ ਕਿਹਾ, ‘ਰੂਸ ਦੇ ਪੂਰਬੀ ਖੇਤਰ ਦੇ ਵਿਕਾਸ ਲਈ ਭਾਰਤ ਇਕ ਅਰਬ ਡਾਲਰ ਦੇ ਕਰਜ਼ੇ ਦੀ ਸਹੂਲਤ ਦੇਵੇਗਾ। ਮੇਰੀ ਸਰਕਾਰ ਐਕਟ ਈਸਟ ਪਾਲਿਸੀ ’ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਮੇਰਾ ਇਹ ਮੰਨਣਾ ਹੈ ਕਿ ਅੱਜ ਦੇ ਐਲਾਨ ਨਾਲ ਦੋਵਾਂ ਮੁਲਕਾਂ ਦੀ ਆਰਥਿਕ ਕੂਟਨੀਤੀ ਨੂੰ ਨਵਾਂ ਆਯਾਮ ਮਿਲੇਗਾ।’ ਰੂਸੀ ਸਦਰ ਵਲਾਦੀਮੀਰ ਪੂਤਿਨ ਦੀ ਹਾਜ਼ਰੀ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਐਕਟ ਈਸਟ ਪਾਲਿਸੀ’ ਦਾ ਮੁੱਖ ਮੰਤਵ ਰੂਸ ਦੇ ਦੂਰ-ਦੁਰਾਡੇ ਵਾਲੇ ਪੂਰਬੀ ਖੇਤਰ ਨਾਲ ਸਰਗਰਮੀਆਂ ਨੂੰ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਕਿਹਾ, ‘ਭਾਰਤ ਪੂਰਬੀ ਆਰਥਿਕ ਫੋਰਮ ਦੀ ਵੱਖ ਵੱਖ ਸਰਗਰਮੀਆਂ ਵਿੱਚ ਭਾਈਵਾਲ ਰਿਹਾ ਹੈ। ਇਹ ਭਾਈਵਾਲੀ ਸਰਕਾਰ ਤੇ ਉਦਯੋਗ ਦੇ ਸਿਖਰਲੇ ਪੱਧਰ ਨਾਲ ਹੈ।’ ਪੂਤਿਨ ਦੀ ਤਾਰੀਫ਼ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਸੀ ਸਦਰ ਨੇ ਭਾਰਤ ਲਈ ਨਿਵੇਸ਼ ਦੇ ਮੌਕੇ ਖੋਲ੍ਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਰੂਸ ਹਿੰਦ-ਪ੍ਰਸ਼ਾਂਤ ਖੇਤਰ ਨੂੰ ‘ਖੁੱਲ੍ਹਾ, ਆਜ਼ਾਦ ਤੇ ਸਮਾਵੇਸ਼ੀ’ ਬਣਾਉਣ ਲਈ ਇਸ ਖੇਤਰ ਵਿੱਚ ਸਹਿਯੋਗ ਦੇ ਨਵੇਂ ਯੁੱਗ ਦਾ ਆਗਾਜ਼ ਕਰ ਰਹੇ ਹਨ। ਉਨ੍ਹਾਂ ਕਿਹਾ, ‘ਜਦੋਂ ਵਲਾਦੀਵੋਸਤੋਕ ਤੇ ਚੇਨੱਈ ਦਰਮਿਆਨ ਸਮੁੰਦਰੀ ਰਾਹ ਖੁੱਲ੍ਹਣ ਨਾਲ ਜਹਾਜ਼ ਚੱਲਣੇ ਸ਼ੁਰੂ ਹੋਣਗੇ, ਤਾਂ ਰੂਸ ਦਾ ਇਹ ਬੰਦਰਗਾਹੀ ਸ਼ਹਿਰ ਭਾਰਤ ਵਿੱਚ ਉੱਤਰ ਪੂਰਬ ਏਸ਼ਿਆਈ ਬਾਜ਼ਾਰ ਨੂੰ ਹੱਲਾਸ਼ੇਰੀ ਦੇਣ ਵਾਲਾ ਕੇਂਦਰ ਬਣ ਜਾਵੇਗਾ। ਇਸ ਨਾਲ ਭਾਰਤ-ਰੂਸ ਭਾਈਵਾਲੀ ਹੋਰ ਗੂੜ੍ਹੀ ਹੋਵੇਗੀ। ਚੇਤੇ ਰਹੇ ਕਿ ਚੀਨ ਵੱਲੋਂ ਲਗਪਗ ਪੂਰੇ ਦੱਖਣੀ ਚੀਨ ਸਾਗਰ ’ਤੇ ਆਪਣਾ ਦਾਅਵਾ ਜਤਾਇਆ ਜਾਂਦਾ ਹੈ, ਜਦੋਂਕਿ ਵੀਅਤਨਾਮ, ਫ਼ਿਲਪੀਨ, ਮਲੇਸ਼ੀਆ, ਬਰੂਨੇਈ ਤੇ ਤਾਇਵਾਨ ਜਿਹੇ ਮੁਲਕਾਂ ਵੱਲੋਂ ਇਸ ਦਾਅਵੇ ਦਾ ਵਿਰੋਧ ਕੀਤਾ ਜਾਂਦਾ ਹੈ।
HOME ਰੂਸ ਨੂੰ ਇਕ ਅਰਬ ਡਾਲਰ ਦਾ ਕਰਜ਼ਾ ਦੇਵੇਗਾ ਭਾਰਤ