ਤਰਨ ਤਾਰਨ ਦੇ ਪਿੰਡ ਕਲੇਰ ’ਚ ਧਮਾਕਾ; ਦੋ ਮੌਤਾਂ

ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਨੇੜੇ ਕਲੇਰ ਅੱਡੇ ’ਤੇ ਖਾਲੀ ਪਲਾਟ ਵਿਚ ਬੀਤੀ ਦੇਰ ਰਾਤ ਤਿੰਨ ਵਿਅਕਤੀਆਂ ਵਲੋਂ ਖੁਦਾਈ ਕਰਦੇ ਸਮੇਂ ਹੋਏ ਧਮਾਕੇ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਤੀਜਾ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਵੱਡੀ ਗਿਣਤੀ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਧਮਾਕੇ ਦੀ ਜਾਂਚ ਸਬੰਧੀ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਦੋ ਮੈਂਬਰੀ ਟੀਮ ਨੇ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਇਸ ਬਾਰੇ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਕੋਲੋਂ ਜਾਣਕਾਰੀ ਇਕੱਤਰ ਕੀਤੀ| ਧਮਾਕੇ ਦੇ ਮ੍ਰਿਤਕਾਂ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ (20) ਵਾਸੀ ਬਚੜੇ ਅਤੇ ਵਿਕਰਮਜੀਤ ਸਿੰਘ ਵਿੱਕੀ (28) ਵਾਸੀ ਕੱਦਗਿਲ ਵਜੋਂ ਹੋਈ ਹੈ। ਮ੍ਰਿਤਕਾਂ ਦੀ ਉਮਰ 22 ਤੋਂ 25 ਸਾਲ ਦੇ ਦਰਮਿਆਨ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਇਸ ਧਮਾਕੇ ਵਿਚ ਜ਼ਖ਼ਮੀ ਹੋਏ ਗੁਰਜੰਟ ਸਿੰਘ ਬਚੜੇ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ ਗੁਰਜੰਟ ਸਿੰਘ ਦਾ ਚਿਹਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਉਸ ਦੀਆਂ ਅੱਖਾਂ ਦੀ ਜੋਤ ਵੀ ਜਾ ਚੁੱਕੀ ਹੈ। ਜਾਂਚ ਲਈ ਪੁੱਜੀਆਂ ਐੱਨਆਈਏ ਅਤੇ ਫੌਰੈਂਸਿਕ ਲੈਬ ਦੀਆਂ ਟੀਮਾਂ ਨੇ ਘਟਨਾ ਸਥਾਨ ਤੋਂ ਧਮਾਕਾਨੁਮਾ ਵਸਤੂ ਦੇ ਨਮੂਨੇ ਇਕੱਤਰ ਕੀਤੇ। ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਐੱਸਐੱਸਪੀ ਧਰੁਵ ਦਹੀਆ ਅਤੇ ਐੱਸਪੀ ਹਰਜੀਤ ਸਿੰਘ ਧਾਰੀਵਾਲ ਨੇ ਮੌਕੇ ਦਾ ਜਾਇਜ਼ਾ ਲਿਆ। ਪੁਲੀਸ ਨੇ ਘਟਨਾ ਸਬੰਧੀ ਨੇੜਲੇ ਪਿੰਡ ਪੰਡੋਰੀ ਗੋਲਾ ਵਾਸੀ ਹਰਜੀਤ ਸਿੰਘ ਦੇ ਘਰ ਛਾਪਾ ਮਾਰਿਆ| ਹਰਜੀਤ ਸਿੰਘ ਤਾਂ ਘਰੋਂ ਗਾਇਬ ਸੀ ਪਰ ਉਸ ਦੇ ਘਰੋਂ ਪੁਲੀਸ ਨੇ ਇਕ ਰਾਈਫਲ ਅਤੇ ਕਾਰਤੂਸ ਬਰਾਮਦ ਕੀਤੇ ਹਨ| ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਤਿੰਨਾਂ ਵਿਅਕਤੀਆਂ ਦਾ ਕਿਸੇ ਤਰ੍ਹਾਂ ਦਾ ਅਪਰਾਧੀ ਪਿਛੋਕੜ ਨਹੀਂ ਹੈ| ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਦਫ਼ਾ 304 ਫੌਜਦਾਰੀ, 4/5 ਧਮਾਕਾਖੇਜ਼ (ਐਕਸਪਲੋਸਿਵ) ਕੇਸ ਦਰਜ ਕੀਤਾ ਹੈ| ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਮੁਤਾਬਿਕ ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਇਸ ਘਟਨਾ ਸਬੰਧੀ ਪਿੰਡ ਬਚੜੇ ਦੇ ਲੋਕਾਂ ਦਾ ਕਹਿਣਾ ਹੈ ਕਿ ਗੁਰਜੰਟ ਸਿੰਘ ਦੇ ਘਰ ਕਈ ਸ਼ੱਕੀ ਲੋਕਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਸੀ| ਮ੍ਰਿਤਕ ਹਰਪ੍ਰੀਤ ਸਿੰਘ ਅਕਸਰ ਹੀ ਗੁਰਜੰਟ ਸਿੰਘ ਨਾਲ ਰਹਿੰਦਾ ਸੀ ਭਾਵੇਂਕਿ ਉਹ ਪਿੰਡ ਦੇ ਅੱਡੇ ’ਤੇ ਫਰਨੀਚਰ ਬਣਾਉਣ ਵਾਲੀ ਦੁਕਾਨ ’ਤੇ ਕੰਮ ਕਰਦਾ ਸੀ| ਕੱਦਗਿੱਲ ਵਾਸੀ ਮ੍ਰਿਤਕ ਵਿਕਰਮਜੀਤ ਸਿੰਘ ਉਸਾਰੀ ਮਿਸਤਰੀ ਸੀ|

Previous articleਰੂਸ ਨੂੰ ਇਕ ਅਰਬ ਡਾਲਰ ਦਾ ਕਰਜ਼ਾ ਦੇਵੇਗਾ ਭਾਰਤ
Next articleSpecial prayers in TN for Vikram’s successful moon landing