ਬੀਜਿੰਗ : ਅਮਰੀਕਾ ਨਾਲ ਸ਼ਾਂਤੀ ਗੱਲਬਾਤ ਅਸਫਲ ਹੋਣ ਮਗਰੋਂ ਤਾਲਿਬਾਨ ਦੇ ਪ੍ਰਤੀਨਿਧੀ ਚੀਨ ਪੁੱਜੇ ਹਨ। ਉਨ੍ਹਾਂ ਨੇ ਅਫ਼ਗਾਨਿਸਤਾਨ ‘ਚ ਸ਼ਾਂਤੀ ਗੱਲਬਾਤ ਨੂੰ ਲੈ ਕੇ ਚੀਨੀ ਅਧਿਕਾਰੀਆਂ ਨਾਲ ਚਰਚਾ ਕੀਤੀ। ਤਾਲਿਬਾਨ ਦੇ ਪ੍ਰਤੀਨਿਧੀ ਪਿਛਲੇ ਹਫ਼ਤੇ ਰੂਸ ਵੀ ਗਏ ਸਨ ਤੇ ਅਫ਼ਗਾਨ ਮਾਮਲਿਆਂ ‘ਤੇ ਰੂਸ ਦੇ ਵਿਸ਼ੇਸ਼ ਦੂਤ ਜਮੀਰ ਕਾਬੁਲੋਵ ਨਾਲ ਮੁਲਾਕਾਤ ਕੀਤੀ ਸੀ।
ਮੁੱਲਾ ਅਬਦੁਲ ਗਨੀ ਬਰਾਦਰ ਦੀ ਅਗਵਾਈ ‘ਚ ਤਾਲਿਬਾਨ ਦਾ ਨੌਂ ਮੈਂਬਰੀ ਵਫ਼ਦ ਅੱਜਕੱਲ੍ਹ ਚੀਨ ਦੇ ਦੌਰੇ ‘ਤੇ ਹੈ। ਬਰਾਦਰ ਕਤਰ ਸਥਿਤ ਤਾਲਿਬਾਨ ਦੇ ਸਿਆਸੀ ਦਫ਼ਤਰ ਦਾ ਮੁਖੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੇਂਗ ਸ਼ੁਆਂਗ ਨੇ ਸੋਮਵਾਰ ਨੂੰ ਦੱਸਿਆ ਕਿ ਬਰਾਦਰ ਤੇ ਮੰਤਰਾਲੇ ਦੇ ਅਧਿਕਾਰੀਆਂ ਨੇ ਅਫ਼ਗਾਨਿਸਤਾਨ ‘ਚ ਸ਼ਾਂਤੀ ਯਤਨਾਂ ‘ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਅਮਰੀਕਾ ਨਾਲ ਸ਼ਾਂਤੀ ਯਤਨਾਂ ਨੂੰ ਬਰਕਾਰ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ‘ਚ ਚੀਨ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਤਾਲਿਬਾਨ ਤਰਜਮਾਨ ਮੁਹੰਮਦ ਸੋਹੇਲ ਸ਼ਾਹੀਨ ਨੇ ਟਵੀਟ ‘ਚ ਦੱਸਿਆ ਕਿ ਨੌਂ ਮੈਂਬਰੀ ਵਫ਼ਦ ਚੀਨ ਦੇ ਦੌਰੇ ‘ਤੇ ਹੈ ਤੇ ਉਸ ਨੇ ਅਫ਼ਗਾਨਿਸਤਾਨ ਮਾਮਲੇ ‘ਚ ਚੀਨ ਦੇ ਵਿਸ਼ੇਸ਼ ਦੂਤ ਡੇਂਗ ਸ਼ੀਜੂਨ ਨਾਲ ਮੁਲਾਕਾਤ ਕੀਤੀ।
ਟਰੰਪ ਨੇ ਰੱਦ ਕਰ ਦਿੱਤੀ ਹੈ ਗੱਲਬਾਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੀ ਅੱਠ ਸਤੰਬਰ ਨੂੰ ਤਾਲਿਬਾਨ ਨਾਲ ਚੱਲ ਰਹੀ ਸ਼ਾਂਤੀ ਗੱਲਬਾਤ ਰੱਦ ਕਰ ਦਿੱਤੀ ਸੀ। ਉਨ੍ਹਾਂ ਨੇ ਇਹ ਕਦਮ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਹਮਲੇ ‘ਚ ਇਕ ਅਮਰੀਕੀ ਫ਼ੌਜੀ ਦੀ ਮੌਤ ਤੋਂ ਬਾਅਦ ਚੁੱਕਿਆ ਸੀ। ਉਨ੍ਹਾਂ ਨੇ ਇਹ ਕਦਮ ਅਜਿਹੇ ਸਮੇਂ ‘ਤੇ ਉਠਾਇਆ ਜਦੋਂ ਦੋਵੇਂ ਧਿਰਾਂ ਸਮਝੌਤੇ ਦੀ ਦਹਿਲੀਜ਼ ‘ਤੇ ਸਨ। ਅਮਰੀਕਾ ਤੇ ਤਾਲਿਬਾਨ ਦਰਮਿਆਨ ਬੀਤੇ ਸਾਲ ਦਸੰਬਰ ਤੋਂ ਕਤਰ ਦੀ ਰਾਜਧਾਨੀ ਦੋਹਾ ‘ਚ ਸ਼ਾਂਤੀ ਗੱਲਬਾਤ ਚੱਲ ਰਹੀ ਸੀ।