ਕਪੂਰਥਲਾ, ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬ ਸਰਕਾਰ ਵੱਲੋਂ 24 ਸਤੰਬਰ ਤੋਂ 30 ਸਤੰਬਰ ਤੱਕ ਕਰਵਾਏ ਜਾਣ ਵਾਲੇ ਮੈਗਾ ਜਾਬ ਮੇਲੇ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਨੌਜਵਾਨਾਂ ਨੂੰ ਰੁਜਗਾਰ ਮੇਲੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਰੁਜਗਾਰ ਮੇਲੇ ਵਿੱਚ 88 ਕੰਪਨੀਆਂ ਸ਼ਿਰਕਤ ਕਰਨਗੀਆਂ, ਜਿਹਨਾਂ ਵਿੱਚ ਟੈੱਕ ਮਹਿੰਦਰਾ, ਐਚ. ਡੀ. ਐਫ. ਸੀ. ਬੈਂਕ, ਐਨ. ਆਈ. ਆਈ. ਟੀ., ਜੀ. ਐਨ. ਏ, ਰੇਲ ਟੈਕ, ਆਈ. ਟੀ. ਸੀ, ਭਾਰਤੀ ਐਕਸਾ ਆਦਿ ਕੰਪਨੀਆਂ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਇਹਨਾਂ ਕੰਪਨੀਆਂ ਵੱਲੋਂ ਰੁਜਗਾਰ ਮੇਲੇ ਵਿੱਚ 90 ਹਜਾਰ ਅਸਾਮੀਆਂ ਉਪਲਬੱਧ ਕਰਵਾਈਆਂ ਜਾਣਗੀਆਂ ।ਉਹਨਾਂ ਦੱਸਿਆ ਕਿ ਕੰਪਨੀਆਂ ਦੀ ਇੰਟਰਵਿਊ 2 ਤੋਂ 3 ਪੜਾਅ ਵਿੱਚ ਹੋਵੇਗੀ ਜਿਸ ਵਿੱਚ ਪਹਿਲੇ ਪੜਾਅ ਤੇ ਟੈਲੀ ਕਾਲਿੰਗ ਦੁਆਰਾ ਚੋਣ ਹੋਵੇਗੀ ਜਦਕਿ ਦੂਜੇ ਪੜਾਅ ਤੇ ਆਨਲਾਈਨ ਇੰਟਰਵਿਊ ਹੋਵੇਗੀ।ਉਹਨਾਂ ਦੱਸਿਆ ਕਿ ਲੋੜ ਪੈਣ ਤੇ ਹੀ ਤੀਜੀ ਸਟੇਜ ਦੀ ਇੰਟਰਵਿਊ ਹੋਵੇਗੀ ਜਿਸ ਵਿੱਚ ਬਿਨੈ ਕਾਰ ਨੂੰ ਨਿੱਜੀ ਤੌਰ ਤੇ ਬੁਲਾਇਆ ਜਾਵੇਗਾ ।
ਉਨਾਂ ਨੇ ਦੱਸਿਆ ਕਿ ਹਫ਼ਤਾ ਭਰ ਚੱਲਣ ਵਾਲੇ ਇਸ ਆਨਲਾਇਨ ਰੋਜਗਾਰ ਮੇਲੇ ਦੌਰਾਨ 10000 ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਦੀ ਪੇਸ਼ਕਸ ਕੀਤੀ ਜਾਵੇਗੀ , ਜਿਸ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਜਾਬ ਮੇਲੇ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਵੱਖ-ਵੱਖ ਯੂਨੀਵਰਸਿਟੀਆਂ ,ਕਾਲਜਾਂ, ਸਕੂਲਾਂ ਸਮੇਤ ਵਿਦਿਅਕ ਅਦਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।
ਉਨਾਂ ਕਿਹਾ ਕਿ ਬਿਊਰੋ ਵਲੋਂ ਉਦਯੋਗਪਤੀਆਂ ਨੂੰ ਕਿਸ ਤਰਾਂ ਦੇ ਹੁਨਰਮੰਦ ਕਾਮਿਆਂ ਦੀ ਜਰੂਰਤ ਹੈ, ਬਾਰੇ ਜਾਣਨ ਲਈ ਉਨਾਂ ਨਾਲ ਲਗਾਤਾਰ ਮੀਟਿੰਗਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਨਾਲ ਜਿਥੇ ਉਦਯੋਗਾਂ ਨੂੰ ਉਨਾਂ ਦੀ ਲੋੜ ਅਨੁਸਾਰ ਹੁਨਰਮੰਦ ਅਤੇ ਪੜੇ-ਲਿਖੇ ਨੌਜਵਾਨ ਸ਼ਕਤੀ ਮਿਲ ਸਕੇਗੀ ਉਥੇ ਹੀ ਨੌਜਵਾਨਾਂ ਨੂੰ ਸਮਰੱਥਾ ਅਨੁਸਾਰ ਰੋਜ਼ਗਾਰ ਪ੍ਰਾਪਤੀ ਹੋ ਸਕੇਗੀ।ਉੁਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਿਨੈਕਾਰਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 98882-19247 ਵੀ ਜਾਰੀ ਕੀਤਾ ਗਿਆ ਹੈ ਜਦਕਿ ਬਿਨੈਕਾਰ www.pgrkam.com ਉੱਪਰ ਆਨਲਾਈਨ ਰਜਿਸਟਰੇਸ਼ਨ ਵੀ ਕਰਵਾ ਸਕਦੇ ਹਨ ।