ਰਿਹਾਇਸ਼-ਵਿਹੂਣੇ ਪਾੜ੍ਹਿਆਂ ਬਾਰੇ ਛਾਬੜਾ ਚਿੰਤਤ

ਚੰਡੀਗੜ੍ਹ– ਇਥੋਂ ਦੇ ਸੈਕਟਰ-32 ਦੇ ਪੇਇੰਗ ਗੈਸਟ ਹਾਊਸ ਵਿੱਚ ਅੱਗ ਲੱਗਣ ਕਾਰਨ ਤਿੰਨ ਲੜਕੀਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪੇਇੰਗ ਗੈਸਟ ਹਾਊਸਾਂ ਖ਼ਿਲਾਫ਼ ਸਖ਼ਤੀ ਕਰ ਦਿੱਤੀ ਹੈ। ਇਸ ਕਾਰਨ ਕਈ ਪੇਇੰਗ ਗੈਸਟ ਹਾਊਸ ਬੰਦ ਹੋ ਗਏ ਹਨ ਤੇ ਵਿਦਿਆਰਥੀਆਂ ਨੂੰ ਰਿਹਾਇਸ਼ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਅਣਅਧਿਕਾਰਤ ਪੇਇੰਗ ਗੈਸਟ ਹਾਊਸਾਂ ਦੇ ਮਾਲਕਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਜ਼ਰੂਰੀ ਸੁਰੱਖਿਆ ਪ੍ਰਬੰਧ ਕਰਨ ਲਈ ਇੱਕ ਮਹੀਨੇ ਦੀ ਮੋਹਲਤ ਦੇਣ ਦੀ ਮੰਗ ਕੀਤੀ ਹੈ।
ਸ੍ਰੀ ਛਾਬੜਾ ਨੇ ਇਸ ਬਾਰੇ ਦਲੀਲ ਦਿੱਤੀ ਕਿ ਚੰਡੀਗੜ੍ਹ ਵਿੱਚ ਹੋਰਨਾਂ ਸ਼ਹਿਰਾਂ ਤੋਂ ਬੱਚੇ ਪੜ੍ਹਾਈ ਕਰਨ ਤੇ ਨੌਕਰੀ ਕਰਨ ਲਈ ਆਉਂਦੇ ਹਨ ਅਤੇ ਇਥੇ ਰਹਿਣ ਲਈ ਉਹ ਮਹਿੰਗੇ ਕਿਰਾਏ ’ਤੇ ਮਕਾਨ ਨਹੀਂ ਲੈ ਸਕਦੇ। ਇਸ ਲਈ ਉਨ੍ਹਾਂ ਨੂੰ ਪੇਇੰਗ ਗੈਸਟ ਹਾਊਸਾਂ ਵਿੱਚ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਸਖਤੀ ਤੋਂ ਬਾਅਦ ਕਈਂ ਪੇਇੰਗ ਗੈਸਟ ਸੰਚਾਲਕਾਂ ਨੇ ਗੈਸਟ ਹਾਊਸ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਬੱਚੇ ਸੜਕਾਂ ’ਤੇ ਆ ਗਏ ਹਨ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਸਮਾਂ ਪ੍ਰੀਖਿਆਂਵਾਂ ਦਾ ਹੈ ਅਤੇ ਬੱਚਿਆਂ ਅੱਗੇ ਰਿਹਾਇਸ਼ ਦੀ ਸਮੱਸਿਆ ਖੜ੍ਹੀ ਹੋ ਗਈ ਹੈ।

Previous articleਕਰੋਨਾਵਾਇਰਸ: ਕੇਰਲਾ ਦੇ 17 ਮਛੇਰੇ ਇਰਾਨ ’ਚ ਫਸੇ
Next articleਦੋ ਹਿੱਸਿਆਂ ’ਚ ਮਿਲੀ ਲਾਪਤਾ ਲੜਕੀ ਦੀ ਲਾਸ਼