ਇਜ਼ਰਾਈਲ ਦੇ ਅਟਾਰਨੀ ਜਨਰਲ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਰਿਸ਼ਵਤਖੋਰੀ ਅਤੇ ਧੋਖਾਧੜੀ ਨਾਲ ਜੁੜੇ ਤਿੰਨ ਅਲੱਗ-ਅਲੱਗ ਮਾਮਲਿਆਂ ਵਿਚ ਦੋਸ਼ੀ ਪਾਇਆ ਹੈ ਪ੍ਰੰਤੂ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਨੇਤਨਯਾਹੂ ਲਈ ਇਹ ਰਾਹਤ ਦੀ ਗੱਲ ਹੈ ਕਿ ਮੌਜੂਦਾ ਸਿਆਸੀ ਅੜਿੱਕੇ ਕਾਰਨ ਇਨ੍ਹਾਂ ਮਾਮਲਿਆਂ ‘ਚ ਦੋਸ਼-ਪੱਤਰ ਦਾਖ਼ਲ ਹੋਣ ਵਿਚ ਕਈ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।
ਇਜ਼ਰਾਈਲ ਦੇ ਕਾਨੂੰਨ ਮੁਤਾਬਿਕ ਨੇਤਨਯਾਹੂ ਪ੍ਰਧਾਨ ਮੰਤਰੀ ਦੇ ਰੂਪ ਵਿਚ ਉਸ ਵਕਤ ਤਕ ਆਪਣੀਆਂ ਸੇਵਾਵਾਂ ਦੇ ਸਕਦੇ ਹਨ ਜਦ ਤਕ ਉਨ੍ਹਾਂ ਨੂੰ ਚੋਣ ਰਾਹੀਂ ਬਦਲਿਆ ਨਹੀਂ ਜਾਂਦਾ ਜਾਂ ਫਿਰ ਦੋਸ਼ੀ ਕਰਾਰ ਨਹੀਂ ਦਿੱਤਾ ਜਾਂਦਾ। ਇਜ਼ਰਾਈਲ ਵਿਚ ਅਜੇ ਤਕ ਅਹੁਦੇ ‘ਤੇ ਹੁੰਦਿਆਂ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਨਾਲ ਹੀ ਇਹ ਵੀ ਸਾਫ਼ ਨਹੀਂ ਹੈ ਕਿ ਹਾਈ ਕੋਰਟ ਨੇਤਨਯਾਹੂ ਦੇ ਅਸਤੀਫ਼ੇ ਦੀ ਮੰਗ ਕਰਨ ਵਾਲੀਆਂ ਅਪੀਲਾਂ ‘ਤੇ ਕੀ ਫ਼ੈਸਲਾ ਦਿੰਦਾ ਹੈ। ਨੇਤਨਯਾਹੂ ਨਾਲ ਜੁੜੇ ਇਨ੍ਹਾਂ ਮਾਮਲਿਆਂ ਵਿਚ ਸੁਣਵਾਈ ਅਪ੍ਰਰੈਲ ਜਾਂ ਮਈ ਵਿਚ ਸ਼ੁਰੂ ਹੋ ਸਕਦੀ ਹੈ।
ਇਜ਼ਰਾਈਲੀ ਮੀਡੀਆ ਅਨੁਸਾਰ ਨੇਤਨਯਾਹੂ ਅਤੇ ਵਿਰੋਧੀ ਆਗੂ ਬੈਨੀ ਗੇਂਟਸ ਦੇ ਬਹੁਮਤ ਸਾਬਿਤ ਕਰਨ ਵਿਚ ਨਾਕਾਮ ਹੋਣ ਪਿੱਛੋਂ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਨੇਸੇਟ (ਸੰਸਦ) ਦਾ ਕੋਈ ਮੈਂਬਰ ਤਿੰਨ ਹਫ਼ਤਿਆਂ ਅੰਦਰ 60 ਹੋਰ ਮੈਂਬਰਾਂ ਦਾ ਸਮਰਥਨ ਹਾਸਿਲ ਕਰ ਸਕੇਗਾ। ਅਜਿਹਾ ਨਾ ਹੋਣ ਦੀ ਸੂਰਤ ਵਿਚ ਦੇਸ਼ ਵਿਚ ਫਿਰ ਚੋਣ ਹੋਵੇਗੀ।