ਪਟਿਆਲਾ (ਸਮਾਜ ਵੀਕਲੀ): ਏਜੀਟੀਐੱਫ ਦੇ ਏਆਈਜੀ ਗੁਰਮੀਤ ਚੌਹਾਨ ਅਤੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਬੀਤੇ ਦਿਨ ਨੇਪਾਲ ਬਾਰਡਰ ਤੋਂ ਫੜ ਕੇ ਲਿਆਂਦੇ ਗਏ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਮੁਲਜ਼ਮ ਸ਼ੂਟਰ ਦੀਪਕ ਮੁੰਡੀ, ਕਪਿਲ ਪੰਡਿਤ ਅਤੇ ਰਾਜਿੰਦਰ ਜੋਕਰ ਨੂੰ ਪੁਲੀਸ ਨੇ ਸੀਆਈਏ ਸਟਾਫ਼ ਰਾਜਪੁਰਾ ਵਿੱਚ ਰੱੱਖਿਆ ਹੈ। ਉਨ੍ਹਾਂ ਕੋਲੋਂ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਇੱਥੇ ਹੀ ਪੁੱਛਗਿਛ ਕੀਤੀ ਜਾ ਰਹੀ ਹੈ। ਉਂਜ ਇਹ ਗੱੱਲ ਪੁਲੀਸ ਵੱਲੋਂ ਗੁਪਤ ਰੱਖੀ ਜਾ ਰਹੀ ਹੈ ਪਰ ‘ਪੰਜਾਬੀ ਟ੍ਰਿਬਿਊਨ’ ਦੇ ਆਲ੍ਹਾ ਮਿਆਰੀ ਸੂਤਰਾਂ ਮੁਤਾਬਕ ਮਾਨਸਾ ਦੀ ਅਦਾਲਤ ’ਚੋਂ ਪੁਲੀਸ ਰਿਮਾਂਡ ਮਿਲਣ ਮਗਰੋਂ ਇਨ੍ਹਾਂ ਤਿੰਨਾਂ ਨੂੰ ਸੀਆਈਏ ਸਟਾਫ਼ ਰਾਜਪੁਰਾ ਵਿੱਚ ਲਿਆਂਦਾ ਗਿਆ ਹੈ।
ਭਾਵੇਂਕਿ ਇਸ ਸਬੰਧੀ ਕੇਸ ਮਾਨਸਾ ਵਿੱਚ ਦਰਜ ਹੈ ਪਰ ਇਨ੍ਹਾਂ ਮੁਲਜ਼ਮਾਂ ਨੂੰ ਏਜੀਟੀਐੱਫ ਦੇ ਹਵਾਲੇ ਕਰਨ ਦਾ ਮੁੱਖ ਕਾਰਨ ਇਨ੍ਹਾਂ ਦੀ ਗ੍ਰਿਫਤਾਰੀ ’ਚ ਏਜੀਟੀਐੱਫ ਅਤੇ ਜ਼ੀਰਕਪੁਰ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਹਿਮ ਭੂਮਿਕਾ ਹੋਣਾ ਹੈ ਅਤੇ ਇਸੇ ਵਾਸਤੇ ਇਨ੍ਹਾਂ ਨੂੰ ਏਜੀਟੀਐੱਫ ਦੇ ਏਆਈਜੀ ਗੁਰਮੀਤ ਚੌਹਾਨ ਦੀ ਅਗਵਾਈ ਹੇਠਲੀ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਟੀਮ ਦੇ ਹਵਾਲੇ ਕੀਤਾ ਗਿਆ ਹੈ। ਭਾਵੇਂ ਕਿ ਇਨ੍ਹਾਂ ਗੈਂਗਸਟਰਾਂ ਕੋਲੋਂ ਪੁਲੀਸ ਦੇ ਹੋਰ ਉੱਚ ਅਧਿਕਾਰੀ ਵੀ ਪੁੱਛਗਿਛ ਕਰ ਰਹੇ ਹਨ ਪਰ ਮੁੱਖ ਤੌਰ ’ਤੇ ਇਨ੍ਹਾਂ ਦੀ ਨਿਗਰਾਨੀ ਦਾ ਕੰਮ ਡੀਐੱਸਪੀ ਬਿਕਰਮਜੀਤ ਬਰਾੜ ਕੋਲ ਹੀ ਹੈ। ਇਹ ਵੀ ਕਿਸੇ ਤੋਂ ਭੁੱਲਿਆ ਨਹੀਂ ਹੈ ਕਿ ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲੀਸ ਦੀ ਮੁਹਿੰਮ ’ਚ ਡੀਐੱਸਪੀ ਬਿਕਰਮਜੀਤ ਬਰਾੜ ਦਾ ਨਾਮ ਸਭ ਤੋਂ ਉੱਪਰਲੀਆਂ ਸਫ਼ਾਂ ’ਚ ਆਉਂਂਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਮੁੰਡੀ ਅਤੇ ਉਸ ਦੇ ਦੋਵੇਂ ਸਾਥੀਆਂ ਨੂੰ ਸੀਆਈਏ ਸਟਾਫ਼ ਰਾਜਪੁਰਾ ਵਿੱਚ ਰੱਖਣ ਦਾ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਸੀਆਈਏ ਸਟਾਫ਼ ਖਰੜ ਵਿੱਚ ਪਹਿਲਾਂ ਤੋਂ ਹੀ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੂੰ ਰੱੱਖਿਆ ਹੋਇਆ ਹੈ ਅਤੇ ਪੁਲੀਸ ਇਨ੍ਹਾਂ ਨੂੰ ਇਕੱਠਾ ਨਹੀਂ ਸੀ ਕਰਨਾ ਚਾਹੁੰਦੀ। ਪੰਜਾਬ ਪੁਲੀਸ ਦੇ ਇੱਕ ਉੱਚ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਮੁੰਡੀ ਅਤੇ ਉਸ ਦੇ ਦੋਵੇਂ ਸਾਥੀਆਂ ਨੂੰ ਰਾਜਪੁਰਾ ’ਚ ਰੱਖਿਆਂ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਅਗਲੇ ਦਿਨਾਂ ਤੱਕ ਇਨ੍ਹਾਂ ਤਿੰਨਾਂ ਮੁਲਜ਼ਮਾਂ ਕੋਲੋਂ ਰਾਜਪੁਰਾ ’ਚ ਹੀ ਪੁੱਛਗਿਛ ਕੀਤੇ ਜਾਣ ਦੀ ਯੋਜਨਾ ਹੈ। ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਤਿੰਨਾਂ ਵਿੱਚੋਂ ਮੂਸੇਵਾਲਾ ਦੇ ਕਤਲ ’ਚ ਸਿਰਫ਼ ਮੁੰਡੀ ਹੀ ਸ਼ਾਮਲ ਸੀ। ਬਾਕੀ ਦੋ ਕਤਲ ’ਚ ਸ਼ਾਮਲ ਨਹੀਂ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਪਿਲ ਪੰਡਿਤ ਨੇ ਮੁੰਡੀ ਅਤੇ ਬਾਕੀ ਮੁਲਜ਼ਮਾਂ ਨੂੰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਅਤੇ ਬਾਅਦ ’ਚ ਵੀ ਪਨਾਹ ਦਿੱਤੀ ਸੀ। ਕਪਿਲ ਪੰਡਿਤ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਲਈ ਉਸ ਦੀ ਰੇਕੀ ਵੀ ਕਰਦਾ ਰਿਹਾ ਹੈ। ਮੂਸੇਵਾਲਾ ਦੇ ਕਤਲ ਮਗਰੋਂ ਮੁੰਡੀ ਅਤੇ ਕਪਿਲ ਪੰਡਿਤ ਤਕਰੀਬਨ ਇਕੱਠੇ ਹੀ ਪੰਜਾਬ, ਯੂਪੀ, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਰਹਿੰਦੇ ਰਹੇ ਹਨ। ਰਾਜਿੰਦਰ ਜੋਕਰ ਵੀ ਇਨ੍ਹਾਂ ਦੇ ਨਾਲ ਰਲ ਗਿਆ ਸੀ। ਇਹ ਤਿੰਨੋਂ ਜਣੇ ਹਰਿਆਣਾ ਦੇ ਰਹਿਣ ਵਾਲੇ ਹਨ।