ਚੀਨ ’ਚ ਕਰੋਨਾ ਮਹਾਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਖ਼ਦਸ਼ਾ

ਪੇਈਚਿੰਗ (ਸਮਾਜਵੀਕਲੀ)ਚੀਨ ’ਚ ਕੋਵਿਡ-19 ਦੇ ਨਵੇਂ ਕੇਸ ਸਾਹਮਣੇ ਆਉਣ ਮਗਰੋਂ ਉਥੇ ਮਹਾਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਜਿਹੜੇ ਚੀਨੀ ਵਿਦੇਸ਼ ਤੋਂ ਪਰਤ ਰਹੇ ਹਨ, ਉਹ ਮੁਲਕ ਲਈ ਵੱਡਾ ਖ਼ਤਰਾ ਬਣ ਸਕਦੇ ਹਨ। ਅਜਿਹੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧ ਕੇ 951 ਹੋ ਗਈ ਹੈ।

ਇਸ ਮਗਰੋਂ ਚੀਨ ਨੇ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਹੈ। ਅਜਿਹੇ ਕੇਸਾਂ ਦੀ ਗਿਣਤੀ ਵੀ ਵਧ ਰਹੀ ਹੈ ਜਿਨ੍ਹਾਂ ’ਚ ਵਾਇਰਸ ਦੇ ਲੱਛਣ ਸਾਹਮਣੇ ਨਹੀਂ ਆ ਰਹੇ ਹਨ। ਪੇਈਚਿੰਗ ਦੇ ਸਿਹਤ ਅਧਿਕਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਦੀ ਰਾਜਧਾਨੀ ਲੰਬੇ ਸਮੇਂ ਲਈ ਮਹਾਮਾਰੀ ਦੀ ਮਾਰ ਹੇਠ ਰਹਿ ਸਕਦੀ ਹੈ।

ਚੀਨ ਦੇ ਕੌਮੀ ਸਿਹਤ ਕਮਿਸ਼ਨ ਦੇ ਤਰਜਮਾਨ ਮੀ ਫੇਂਗ ਨੇ ਮੀਡੀਆ ਨੂੰ ਦੱਸਿਆ ਕਿ ਵੱਖ ਵੱਖ ਮੁਲਕਾਂ ਤੋਂ ਆਪਣੇ ਨਾਗਰਿਕਾਂ ਨੂੰ ਉਡਾਣਾਂ ਰਾਹੀਂ ਲਿਆਉਣ ਮਗਰੋਂ ਬਾਹਰੋਂ ਆਏ ਕੇਸਾਂ ਦੀ ਗਿਣਤੀ 951 ਹੋ ਗਈ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਗੁਆਂਢੀ ਮੁਲਕਾਂ ਤੋਂ ਆਏ ਕੇਸਾਂ ਨਾਲ ਦਬਾਅ ਜ਼ਿਆਦਾ ਵਧ ਗਿਆ ਹੈ। ਰੂਸ ਦੀ ਸਰਹੱਦ ਨਾਲ ਲਗਦੇ ਸ਼ਹਿਰ ਸੂਈਫੇਨਹੀ ’ਚ ਕਰੋਨਾ ਦੇ 20 ਕੇਸ ਸਾਹਮਣੇ ਆਏ ਹਨ।

ਮੌਜੂਦਾ ਸਮੇਂ ’ਚ ਚੀਨ ਨੇ ਵਿਦੇਸ਼ੀਆਂ ਦੇ ਮੁਲਕ ’ਚ ਦਾਖ਼ਲੇ ’ਤੇ ਪਾਬੰਦੀ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਕੋਵਿਡ-19 ਦਾ ਇਕ ਘਰੇਲੂ ਅਤੇ ਵਿਦੇਸ਼ ਤੋਂ ਆਏ 38 ਵਿਅਕਤੀਆਂ ’ਚ ਇਸ ਮਹਾਮਾਰੀ ਦੇ ਲੱਛਣ ਮਿਲੇ ਹਨ। ਵੱਡੇ ਸਨਅਤੀ ਕੇਂਦਰ ਗੁਆਂਗਡੌਂਗ ਪ੍ਰਾਂਤ ’ਚ ਇਕ ਨਵਾਂ ਕੇਸ ਸਾਹਮਣੇ ਆਇਆ ਹੈ। ਜਿਹੜੇ ਲੋਕਾਂ ਦੇ ਟੈਸਟ ਪਾਜ਼ੇਟਿਵ ਆਏ ਹਨ ਪਰ ਉਨ੍ਹਾਂ ’ਚ ਕਰੋਨਾ ਦਾ ਕੋਈ ਲੱਛਣ ਨਹੀਂ ਦਿਖ ਰਿਹਾ, ਉਹ ਖ਼ਤਰੇ ਦੀ ਘੰਟੀ ਹਨ।

ਅਜਿਹੇ ਕੁਲ 1047 ਕੇਸ ਹਨ ਜਿਨ੍ਹਾਂ ’ਚੋਂ ਐਤਵਾਰ ਨੂੰ 78 ਨਵੇਂ ਕੇਸ ਸਾਹਮਣੇ ਆਏ। ਐਤਵਾਰ ਨੂੰ ਹੁਬੇਈ ਪ੍ਰਾਂਤ ’ਚ ਇਕ ਵਿਅਕਤੀ ਦੀ ਮੌਤ ਨਾਲ ਵਾਇਰਸ ਕਾਰਨ ਮੁਲਕ ’ਚ ਮੌਤਾਂ ਦਾ ਅੰਕੜਾ ਵਧ ਕੇ 3331 ਹੋ ਗਿਆ ਹੈ।

Previous articleਕੈਪਟਨ ਨੇ ਜੀਐੱਸਟੀ ਦਾ ਬਕਾਇਆ ਤੇ ਹੋਰ ਮਦਦ ਮੰਗੀ
Next articleਕਰੋਨਾ ਪੀੜਤ ਔਰਤ ਦੀ ਹਾਲਤ ਵਿਗੜੀ