ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਅੱਜ ਪਹਿਲੀ ਵਾਰ ਅਮੇਠੀ ਦਾ ਦੌਰਾ ਕੀਤਾ। ਗਾਂਧੀ ਗੌਰੀਗੰਜ ਵਿਚ ਪਾਰਟੀ ਦੇ ਤਿਲੋਈ ਹਲਕੇ ਦੇ ਇੰਚਾਰਜ ਮਾਤਾ ਪ੍ਰਸਾਦ ਵਸੀਹ ਦੇ ਘਰ ਗਏ। ਕਾਂਗਰਸੀ ਆਗੂ ਨੇ ਪ੍ਰਸਾਦ ਦੇ ਕਿਸੇ ਰਿਸ਼ਤੇਦਾਰ ਦੀ ਮੌਤ ’ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟਾਇਆ। ਇਸ ਤੋਂ ਬਾਅਦ ਉਨ੍ਹਾਂ ਪਾਰਟੀ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰੇ ਦੌਰਾਨ ਗਾਂਧੀ ਪਾਰਟੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ ਤੇ ਪੰਜ ਵਿਧਾਨ ਸਭਾ ਹਲਕਿਆਂ- ਸਲੋਨ, ਅਮੇਠੀ, ਗੌਰੀਗੰਜ, ਜਗਦੀਸ਼ਪੁਰ ਤੇ ਤਿਲੋਈ ਦੇ ਬੂਥ ਪ੍ਰਧਾਨਾਂ ਨਾਲ ਵੀ ਮੁਲਾਕਾਤ ਕਰ ਕੇ ਸਿਆਸੀ ਸਥਿਤੀ ਦੀ ਸਮੀਖ਼ਿਆ ਕਰਨਗੇ। ਪਾਰਟੀ ਦੇ ਜ਼ਿਲ੍ਹਾ ਤਰਜਮਾਨ ਅਨਿਲ ਸਿੰਘ ਨੇ ਦੱਸਿਆ ਕਿ ਉਹ ਕੁਝ ਪਿੰਡਾਂ ਦਾ ਦੌਰਾ ਵੀ ਕਰਨਗੇ। ਰਾਹੁਲ ਦੀ ਹਾਰ ਤੋਂ ਬਾਅਦ ਉਨ੍ਹਾਂ ਦੇ ਨੁਮਾਇੰਦੇ ਚੰਦਰਕਾਂਤ ਦੂਬੇ ਤੇ ਜ਼ਿਲ੍ਹਾ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅਸਤੀਫ਼ਾ ਦੇ ਦਿੱਤਾ ਸੀ। ਦੱਸਣਯੋਗ ਹੈ ਕਿ ਰਾਹੁਲ ਗਾਂਧੀ 1999 ਤੋਂ ਅਮੇਠੀ ਲੋਕ ਹਲਕੇ ਤੋਂ ਜਿੱਤਦੇ ਰਹੇ ਹਨ ਪਰ ਇਸ ਵਾਰ ਭਾਜਪਾ ਦੀ ਸਮ੍ਰਿਤੀ ਇਰਾਨੀ ਤੋਂ ਹਾਰ ਗਏ। -ਪੀਟੀਆਈ
INDIA ਰਾਹੁਲ ਵੱਲੋਂ ਹਾਰ ਮਗਰੋਂ ਪਹਿਲੀ ਵਾਰ ਅਮੇਠੀ ਦਾ ਦੌਰਾ