ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਨੂੰ ‘ਸਾਰੇ ਮੋਦੀ ਚੋਰ ਕਿਉਂ ਹਨ’ ਵਾਲੇ ਬਿਆਨ ’ਤੇ ਘੇਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਇਹ ਟਿੱਪਣੀ ਕਰਕੇ ਉਸ ਪੱਛੜੇ ਵਰਗ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਉਹ (ਨਰਿੰਦਰ ਮੋਦੀ) ਸਬੰਧਤ ਹਨ। ਸ੍ਰੀ ਮੋਦੀ ਨੇ ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਰਦ ਪਵਾਰ ਦੀ ‘ਪਰਿਵਾਰਵਾਦ ਦੀ ਸਿਆਸਤ’ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਰਾਸ਼ਟਰੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਚੋਣ ਮੈਦਾਨ ’ਚੋਂ ਇਸ ਲਈ ‘ਭੱਜ’ ਗਏ ਕਿਉਂਕਿ ਉਨ੍ਹਾਂ ਨੂੰ ਆਪਣੀ ਹਾਰ ਦਾ ਅਹਿਸਾਸ ਹੋ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਉਸ ਦੇ ਭਾਈਵਾਲਾਂ ਦਾ ਆਖਣਾ ਹੈ ਕਿ ਸਮਾਜ ’ਚ ਸਾਰੇ ਮੋਦੀ ਚੋਰ ਹਨ। ‘ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ ਮੇਰੀ ਨੀਵੀਂ ਜਾਤ ਨੂੰ ਕੁਬੋਲ ਆਖਣ ’ਚ ਕੋਈ ਕਸਰ ਨਹੀਂ ਛੱਡੀ। ਇਸ ਵਾਰ ਤਾਂ ਉਨ੍ਹਾਂ ਸਾਰੀਆਂ ਹੱਦਾਂ ਹੀ ਪਾਰ ਕਰ ਲਈਆਂ ਅਤੇ ਪੂਰੇ ਪੱਛੜੇ ਭਾਈਚਾਰੇ ਨੂੰ ਮਾੜੇ ਸ਼ਬਦ ਆਖ ਦਿੱਤੇ।’ ਸ੍ਰੀ ਮੋਦੀ ਨੇ ਕਿਹਾ ਕਿ ‘ਨਾਮਦਾਰ’ ਨੇ ਪਹਿਲਾਂ ‘ਚੌਕੀਦਾਰ ਚੋਰ ਹੈ’ ਆਖਿਆ ਸੀ ਅਤੇ ਹੁਣ ਪੱਛੜੇ ਵਰਗ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੇ ਹਮਲਿਆਂ ਦੇ ਆਦੀ ਹੋ ਗਏ ਹਨ ਪਰ ਪੂਰੇ ਫਿਰਕੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨੂੰ ਉਹ ਕਦੇ ਵੀ ਸਹਿਣ ਨਹੀਂ ਕਰਨਗੇ। ਸ੍ਰੀ ਪਵਾਰ ’ਤੇ ਹਮਲਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਐਨਸੀਪੀ ਮੁਖੀ ਨੂੰ ਉਨ੍ਹਾਂ ਦੇ ਅਤੇ ਪਰਿਵਾਰ ਖ਼ਿਲਾਫ਼ ਬੋਲਣ ਦਾ ਪੂਰਾ ਹੱਕ ਹੈ ਕਿਉਂਕਿ ਉਹ ਬਜ਼ੁਰਗ ਹਨ ਪਰ ਉਨ੍ਹਾਂ ਕਿਹਾ ਕਿ ਪਵਾਰ ਪਰਿਵਾਰਵਾਦ ਖਾਸ ਕਰਕੇ ਦਿੱਲੀ ਦੇ ‘ਵਿਸ਼ੇਸ਼ ਪਰਿਵਾਰ’ ਦੀ ਭਗਤੀ ’ਚ ਲੱਗੇ ਹੋਏ ਹਨ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਉਹ ਮੁੜ ਸੱਤਾ ’ਚ ਆਏ ਤਾਂ ਉਹ ਵੱਖਰਾ ਜਲ ਸ਼ਕਤੀ ਮੰਤਰਾਲਾ ਬਣਾਉਣਗੇ। ਉਨ੍ਹਾਂ ਕਿਹਾ ਕਿ ਦਰਿਆਵਾਂ ਨੂੰ ਜੋੜਨ ਅਤੇ ਸਿੰਜਾਈ ਵਧਾਉਣ ਦੇ ਮਕਸਦ ਨਾਲ ਨਵਾਂ ਮੰਤਰਾਲਾ ਬਣੇਗਾ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ‘ਭ੍ਰਿਸ਼ਟਾਚਾਰ ਦਾ ਕੋਈ ਦਾਗ਼’ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਮੁੰਬਈ ਕਦੇ ਦਹਿਸ਼ਤਗਰਦਾਂ ਲਈ ਸਵਰਗ ਹੁੰਦਾ ਸੀ ਅਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਦਹਿਸ਼ਤਗਰਦਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਅੰਦਰ ਹੀ ਮਾਰਿਆ ਹੈ। ਬਾਲਾਕੋਟ ਹਮਲੇ ਦੇ ਸਬੂਤ ਮੰਗਣ ਸਬੰਧੀ ਵਿਰੋਧੀ ਪਾਰਟੀਆਂ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਜਵਾਨਾਂ ਦੀ ਬਹਾਦਰੀ ’ਤੇ ਸ਼ੱਕ ਖੜ੍ਹੇ ਕਰ ਰਹੇ ਹਨ ਪਰ ਉਹ ਅਜਿਹੇ ਲੋਕਾਂ ਅਤੇ ਬਹਾਦਰ ਜਵਾਨਾਂ ਵਿਚਕਾਰ ਦੀਵਾਰ ਬਣ ਕੇ ਖੜ੍ਹੇ ਹਨ।
HOME ਰਾਹੁਲ ਮੈਨੂੰ ਚੋਰ ਆਖ ਕੇ ਸਾਰੇ ਭਾਈਚਾਰੇ ਦੇ ਅਕਸ ਨੂੰ ਢਾਹ ਲਾ...