ਦੇਸ਼ ਦੇ 20 ਫੀਸਦ ਅਤਿ ਗਰੀਬ ਪਰਿਵਾਰਾਂ ਨੂੰ ਮਿਲਣਗੇ ਸਾਲਾਨਾ 72 ਹਜ਼ਾਰ ਰੁਪਏ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਵੱਡਾ ਚੋਣ ਵਾਅਦਾ ਕਰਦਿਆਂ ਦੇਸ਼ ਦੇ ਅਤਿ ਗਰੀਬ ਪਰਿਵਾਰਾਂ ਲਈ ਘੱਟੋ-ਘੱਟ ਆਮਦਨ ਸਕੀਮ ਦਾ ਐਲਾਨ ਕੀਤਾ ਹੈ। ਰਾਹੁਲ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਗਰੀਬ ਵਰਗ ਦੇ 20 ਫੀਸਦ ਅਤਿ ਗਰੀਬ ਪਰਿਵਾਰਾਂ ਨੂੰ ਘੱਟੋ-ਘੱਟ ਆਮਦਨ ਵਜੋਂ ਸਾਲਾਨਾ 72000 ਰੁਪਏ ਪ੍ਰਤੀ ਪਰਿਵਾਰ ਦੇਣਗੇ। ਗਾਂਧੀ ਨੇ ਇਸ ਪੇਸ਼ਕਦਮੀ ਨੂੰ ਗਰੀਬੀ ਦੇ ਖਾਤਮੇ ਲਈ ‘ਆਖਰੀ ਹੱਲਾ’ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਮੁਲਕ ਦੇ ਪੰਜ ਕਰੋੜ ਪਰਿਵਾਰਾਂ ਭਾਵ 25 ਕਰੋੜ ਲੋਕਾਂ (ਪ੍ਰਤੀ ਪਰਿਵਾਰ ਪੰਜ ਜੀਅ) ਨੂੰ ਗਰੀਬੀ ’ਚੋਂ ਕੱਢਿਆ ਜਾ ਸਕੇਗਾ। ਕਾਂਗਰਸ ਪ੍ਰਧਾਨ ਨੇ ਗਰੀਬੀ ਦੇ ਖਾਤਮੇ ਲਈ ਇਸ ਸਕੀਮ ਨੂੰ ‘ਇਤਿਹਾਸਕ’ ਕਰਾਰ ਦਿੱਤਾ ਹੈ। ਇਥੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਹੋਰਨਾਂ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸਕੀਮ ਦਾ ਐਲਾਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘ਬਦਲਾਅ ਦਾ ਸਮਾਂ ਆ ਗਿਆ ਹੈ। ਪੰਜ ਕਰੋੜ ਪਰਿਵਾਰਾਂ ਤੇ 25 ਕਰੋੜ ਲੋਕਾਂ ਨੂੰ ਸਿੱਧੇ ਤੌਰ ’ਤੇ ਇਸ ਸਕੀਮ ਦਾ ਲਾਹਾ ਮਿਲੇਗਾ।’ ਰਾਹੁਲ ਨੇ ਕਿਹਾ, ‘ਗਰੀਬੀ ’ਤੇ ਆਖਰੀ ਹੱਲੇ ਦਾ ਆਗਾਜ਼ ਹੋ ਗਿਆ ਹੈ। ਅਸੀਂ ਗਰੀਬੀ ਦਾ ਮੁਲਕ ’ਚੋਂ ਖ਼ਾਤਮਾ ਕਰਕੇ ਰਹਾਂਗੇ।’ ਕਾਂਗਰਸ ਪ੍ਰਧਾਨ ਨੇ ਮਗਰੋਂ ਇਕ ਟਵੀਟ ’ਚ ਅੱਜ ਦੇ ਦਿਨ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਪਾਰਟੀ ਨੇ ਗਰੀਬੀ ’ਤੇ ਆਖਰੀ ਹਮਲਾ ਬੋਲਿਆ ਹੈ। ਮੁਲਕ ਦੇ ਪੰਜ ਕਰੋੜ ਅਤਿ ਗਰੀਬ ਲੋਕਾਂ ਨੂੰ ਪ੍ਰਤੀ ਸਾਲ 72000 ਰੁਪਏ ਮਿਲਣਗੇ। #ਭਾਰਤ ਲਈ ਨਿਆਂ’ ਸਾਡਾ ਸੁਪਨਾ ਤੇ ਸਾਡਾ ਵਚਨ ਹੈ। ਸ੍ਰੀ ਗਾਂਧੀ ਨੇ ਕਿਹਾ, ‘ਸਕੀਮ ਨੂੰ ਪੜਾਅ ਵਾਰ ਪੂਰੇ ਮੁਲਕ ਵਿੱਚ ਅਮਲ ’ਚ ਲਿਆਂਦਾ ਜਾਵੇਗਾ। ਪਹਿਲਾਂ ਪਾਇਲਟ ਪ੍ਰਾਜੈਕਟ ਚਲਾਇਆ ਜਾਵੇਗਾ, ਮਗਰੋਂ ਸਕੀਮ ਪੂਰੇ ਮੁਲਕ ਵਿੱਚ ਲਾਗੂ ਹੋਵੇਗੀ।’ ਇਸ ਤੋਂ ਪਹਿਲਾਂ ਸ੍ਰੀ ਗਾਂਧੀ ਨੇ ਅੱਜ ਪਾਰਟੀ ਹੈੱਡਕੁਆਰਟਰ ’ਤੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਉਪਰੰਤ ਪਾਰਟੀ ਮੈਨੀਫੈਸਟੋ ਨੂੰ ਅੰਤਿਮ ਛੋਹਾਂ ਦਿੱਤੀਆਂ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਨੇ ਸਕੀਮ ਨਾਲ ਸਬੰਧਤ ਵਿੱਤੀ ਅੜਿੱਕਿਆਂ ਦਾ ਅਧਿਐਨ ਕਰਨ ਦੇ ਨਾਲ ਉੱਘੇ ਅਰਥਸ਼ਾਸਤਰੀਆਂ ਤੇ ਮਾਹਿਰਾਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਇਸ ਸਕੀਮ ਨੂੰ ਅੰਤਿਮ ਰੂਪ ਦਿੱਤਾ ਹੈ। ਰਾਹੁਲ ਨੇ ਕਿਹਾ, ‘ਇਹ ਇਤਿਹਾਸਕ ਸਕੀਮ ਹੈ, ਜਿਸ ਦੀ ਵਿਸ਼ਵ ਵਿੱਚ ਕਿਤੇ ਕੋਈ ਮਿਸਾਲ ਨਹੀਂ ਮਿਲਦੀ। ਇਹ ਬਹੁਤ ਤਾਕਤਵਾਰ ਤੇ ਬਹੁਤ ਸੋਚ ਵਿਚਾਰ ਮਗਰੋਂ ਸਿਰੇ ਚੜ੍ਹਿਆ ਵਿਚਾਰ ਹੈ। ਅਸੀਂ ਸਕੀਮ ਨੂੰ ਲੈ ਕੇ ਕਈ ਅਰਥਸ਼ਾਸਤਰੀਆਂ ਨਾਲ ਸਲਾਹ ਮਸ਼ਵਰਾ ਕੀਤਾ ਹੈ।’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਵਿੱਤੀ ਤੌਰ ’ਤੇ ਬਹੁਤ ਚੌਕਸ ਹੋ ਕੇ ਬਣਾਈ ਸਕੀਮ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਸੱਤਾ ਵਿੱਚ ਆਈ ਤਾਂ ਉਹ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦੀ ਪਛਾਣ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਗਰੀਬ ਪਰਿਵਾਰਾਂ ਨੂੰ ਬਹੁਤ ਮੁਸੀਬਤਾਂ ਝੱਲਣੀਆਂ ਪਈਆਂ ਹਨ ਤੇ ‘ਅਸੀਂ ਉਨ੍ਹਾਂ ਨੂੰ ਨਿਆਂ ਦਿਵਾਵਾਂਗੇ।’ ਉਨ੍ਹਾਂ ਕਿਹਾ ਕਿ ‘ਜੇਕਰ ਨਰਿੰਦਰ ਮੋਦੀ ਮੁਲਕ ਦੇ ਰੱਜੇ ਪੁੱਜਿਆਂ ਦੀਆਂ ਜੇਬਾਂ ਭਰ ਸਕਦੇ ਹਨ ਤਾਂ ਕਾਂਗਰਸ ਵੀ ਗਰੀਬਾਂ ਨੂੰ ਇਹ ਪੈਸਾ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਮੁਲਕ ਦੇ 20 ਫੀਸਦ ਅਤਿ ਗਰੀਬ ਪਰਿਵਾਰਾਂ ਦੇ ਬੈਂਕ ਖਾਤਿਆਂ ’ਚ ਸਾਲਾਨਾ 72000 ਰੁਪਏ ਪਾਉਣ ਦੀ ਗਾਰੰਟੀ ਦਿੰਦੀ ਹੈ।