ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਅੱਜ ਇੱਥੇ ਉਨ੍ਹਾਂ ਖ਼ਿਲਾਫ਼ ਦਾਇਰ ਮਾਣਹਾਨੀ ਦੇ ਇਕ ਹੋਰ ਮਾਮਲੇ ਵਿਚ ਜ਼ਮਾਨਤ ਮਿਲ ਗਈ ਹੈ। ਭਾਜਪਾ ਆਗੂ ਤੇ ਬਿਹਾਰ ਦੇ ਡਿਪਟੀ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਇੱਥੇ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੋਇਆ ਹੈ। ਮੁੰਬਈ ਦੀ ਅਦਾਲਤ ਨੇ ਅਜੇ ਕੁਝ ਦਿਨ ਪਹਿਲਾਂ ਹੀ ਰਾਹੁਲ ਖ਼ਿਲਾਫ਼ ਇਕ ਹੋਰ ਮਾਣਹਾਨੀ ਦੇ ਕੇਸ ਵਿਚ ਸੁਣਵਾਈ ਆਰੰਭੀ ਹੈ। ਰਾਹੁਲ ਦਾ ਕਹਿਣਾ ਹੈ ਕਿ ਉਸ ਨੂੰ ਮੋਦੀ ਸਰਕਾਰ ਤੇ ਭਾਜਪਾ-ਆਰਐੱੱਸਐੱਸ ਖ਼ਿਲਾਫ਼ ਆਵਾਜ਼ ਉਠਾਉਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਹੈ। ਰਾਹੁਲ ਅੱਜ ਇੱਥੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਮਾਮਲਿਆਂ ਵਿਚ ਵਿਸ਼ੇਸ਼ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕੁਮਾਰ ਗੁੰਜਨ ਦੀ ਅਦਾਲਤ ਵਿਚ ਪੇਸ਼ ਹੋਏ। ਸੁਸ਼ੀਲ ਮੋਦੀ ਦੇ ਵਕੀਲ ਸ਼ੰਭੂ ਪ੍ਰਸਾਦ ਮੁਤਾਬਕ ਅਗਲੀ ਸੁਣਵਾਈ 8 ਅਗਸਤ ਨੂੰ ਹੋਵੇਗੀ। ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਰਾਹੁਲ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਨਹੀਂ ਕੀਤਾ। ਅਦਾਲਤ ਨੇ ਕਾਂਗਰਸੀ ਆਗੂ ਨੂੰ ਉਨ੍ਹਾਂ ਖ਼ਿਲਾਫ਼ ਦੋਸ਼ ਪੜ੍ਹ ਕੇ ਸੁਣਾਇਆ ਤੇ ਪੁੱਛਿਆ ਕਿ ਕੀ ਉਹ ਇਸ ਨੂੰ ਸਵੀਕਾਰ ਕਰਦੇ ਹਨ। ਰਾਹੁਲ ਵੱਲੋਂ ਇਨਕਾਰ ਕਰਨ ’ਤੇ ਅਦਾਲਤ ਨੇ ਅਗਲੀ ਸੁਣਵਾਈ ਦੀ ਤਰੀਕ ਤੈਅ ਕਰ ਦਿੱਤੀ। ਅਦਾਲਤੀ ਕੰਪਲੈਕਸ ਵਿਚੋਂ ਬਾਹਰ ਜਾਂਦਿਆਂ ਰਾਹੁਲ ਨੇ ਉੱਥੇ ਮੌਜੂਦ ਮੀਡੀਆ ਨੂੰ ਕਿਹਾ ਕਿ ਉਹ ਮੁਲਕ ਦੇ ਗਰੀਬ ਤਬਕੇ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਰਾਹੁਲ ਨੇ ਅਪਰੈਲ ਵਿਚ ਕਿਹਾ ਸੀ ਕਿ ‘ਸਾਰੇ ਚੋਰਾਂ ਦੇ ਨਾਂ ਪਿੱਛੇ ਮੋਦੀ ਹੀ ਕਿਉਂ ਹੈ?’ ਇਸ ਤੋਂ ਬਾਅਦ ਸੁਸ਼ੀਲ ਮੋਦੀ ਨੇ ਸਾਬਕਾ ਕਾਂਗਰਸ ਪ੍ਰਧਾਨ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।
HOME ਰਾਹੁਲ ਨੂੰ ਇਕ ਹੋਰ ਮਾਣਹਾਨੀ ਮਾਮਲੇ ’ਚ ਜ਼ਮਾਨਤ ਮਿਲੀ