ਜੈਪੁਰ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਵੇਂ ਚੁਣੇ ਵਿਧਾਇਕਾਂ ਨਾਲ ਗੱਲਬਾਤ ਤੋਂ ਬਾਅਦ ਬੁੱਧਵਾਰ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਦਾ ਐਲਾਨ ਕਰਨਗੇ। ਇਸ ਅਹੁਦੇ ਲਈ ਸੀਨੀਅਰ ਪਾਰਟੀ ਆਗੂ ਅਸ਼ੋਕ ਗਹਿਲੋਤ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ। ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁੱਧਵਾਰ ਨੂੰ ਸਵੇਰੇ 11 ਵਜੇ ਹੋਵੇਗੀ ਜਿਸ ਵਿੱਚ ਨਵੇਂ ਚੁਣੇ ਵਿਧਾਇਕ ਮਤਾ ਪਾਸ ਕਰਨਗੇ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਵਿਨਾਸ਼ ਪਾਂਡੇ ਨੇ ਦੱਸਿਆ ਕਿ ਅਬਜ਼ਰਵਰ ਵਿਧਾਇਕਾਂ ਨੂੰ ਮਿਲ ਕੇ ਉਨ੍ਹਾਂ ਦੀ ਰਾਇ ਜਾਣਨਗੇ, ਜਿਸ ਤੋਂ ਬਾਅਦ ਸ਼ਾਮ ਨੂੰ ਦੂਜੀ ਮੀਟਿੰਗ ਹੋਵੇਗੀ। ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਾ ਐਲਾਨ ਕੀਤਾ ਜਾਵੇਗਾ। ਵਿਧਾਨ ਸਭਾ ਚੋਣਾਂ ਵਿੱਚ ਤਿੰਨ ਸੂਬਿਆਂ ਵਿੱਚ ਬਿਹਤਰੀਨ ਪ੍ਰਦਰਸ਼ਨ ਤੋਂ ਖੁਸ਼ ਕਾਂਗਰਸ ਨੇ ‘ਨਫਰਤ ’ਤੇ ਪਿਆਰ’ ਦੀ ਚੋਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ।