ਫ਼ਿਰੋਜ਼ਪੁਰ- ਸਰਕਾਰੀ ਰਾਸ਼ਨ ਨਾ ਮਿਲਣ ਤੋਂ ਨਿਰਾਸ਼ ਕਰੀਬ ਡੇਢ ਸੌ ਲੋਕ ਅੱਜ ਲੁਕ-ਛੁਪ ਕੇ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ’ਤੇ ਪੁੱਜ ਗਏ। ਇਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ ਤੇ ਇਹ ਸ਼ਹਿਰ ਦੇ ਭਾਰਤ ਨਗਰ ਇਲਾਕੇ ਤੋਂ ਆਏ ਸਨ। ਹੈਰਾਨੀ ਦੀ ਗੱਲ ਹੈ ਕਿ ਕਰੀਬ ਤਿੰਨ ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਕੇ ਡੀਸੀ ਦੀ ਰਿਹਾਇਸ਼ ’ਤੇ ਪੁੱਜੇ ਇਨ੍ਹਾਂ ਲੋਕਾਂ ਨੂੰ ਰਾਹ ਵਿਚ ਕਿਸੇ ਪੁਲੀਸ ਪਾਰਟੀ ਨੇ ਨਹੀਂ ਰੋਕਿਆ। ਇਨ੍ਹਾਂ ਲੋਕਾਂ ਦੇ ਡੀਸੀ ਦੀ ਰਿਹਾਇਸ਼ ਦੇ ਬਾਹਰ ਪਹੁੰਚਦਿਆਂ ਹੀ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੀ ਤੁਰੰਤ ਹਰਕਤ ਵਿਚ ਆ ਗਏ।
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਕੋਈ ਸਰਕਾਰੀ ਸਹੂਲਤ ਮੁਹੱਈਆ ਨਹੀਂ ਹੋਈ। ਉਨ੍ਹਾਂ ਦੇ ਘਰਾਂ ਵਿਚ ਰਾਸ਼ਨ ਮੁੱਕ ਗਿਆ ਹੈ ਅਤੇ ਬੱਚੇ ਭੁੱਖੇ ਸੌਂ ਰਹੇ ਹਨ। ਡੀਸੀ ਨੇ ਤੁਰੰਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਭਾਰਤ ਨਗਰ ਇਲਾਕੇ ਵਿਚ ਜਾ ਕੇ ਲੋੜਵੰਦਾਂ ਦੀ ਮੱਦਦ ਕਰਨ। ਇਹ ਇਲਾਕਾ ਸਲੱਮ ਬਸਤੀਆਂ ਵਿਚ ਸ਼ਾਮਲ ਹੈ। ਇਥੇ ਜ਼ਿਆਦਾ ਆਬਾਦੀ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹੁਣ ਇਸ ਇਲਾਕੇ ਵਿਚ ਲੋੜਵੰਦਾਂ ਦੀ ਪਛਾਣ ਕਰਕੇ ਮਦਦ ਪਹੁੰਚਾਈ ਜਾ ਰਹੀ ਹੈ।
ਫ਼ਿਰੋਜ਼ਪੁਰ ਪ੍ਰਸ਼ਾਸਨ ਇੱਕ ਵਾਰ ਫ਼ਿਰ ਸਖ਼ਤੀ ਕਰਨ ਦੇ ਰੌਂਅ ਵਿਚ ਨਜ਼ਰ ਆ ਰਿਹਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਸਾਰੇ ਕਰਫ਼ਿਊ ਪਾਸ ਬੁੱਧਵਾਰ ਨੂੰ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਨਾਕਿਆਂ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਕਰਫ਼ਿਊ ਵਿਚ ਕੋਈ ਢਿੱਲ ਨਾ ਦਿੱਤੇ ਜਾਣ ਦੇ ਹੁਕਮ ਵੀ ਜਾਰੀ ਹੋਏ ਹਨ। ਹਾਲਾਂਕਿ ਜ਼ਿਲ੍ਹਾ ਪੁਲੀਸ ਕੰਟਰੋਲ ਰੂਮ ਤੋਂ ਜਾਰੀ ਹੋਏ ਇਨ੍ਹਾਂ ਹੁਕਮਾਂ ਨੂੰ ਲੈ ਕੇ ਅਜੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ।
ਬੁਧਵਾਰ ਨੂੰ ਕਈ ਥਾਈਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੁਲੀਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਲੰਗਰ ਵਰਤਾਇਆ ਗਿਆ। ਦੇਰ ਸ਼ਾਮ ਪੁਲੀਸ ਕੰਟਰੋਲ ਰੂਮ ਤੋਂ ਇੱਕ ਹੋਰ ਮੈਸੇਜ ਨਸ਼ਰ ਹੋਇਆ। ਇਸ ਮੈਸੇਜ ਰਾਹੀਂ ਦੱਸਿਆ ਗਿਆ ਕਿ ਡਿਊਟੀ ’ਤੇ ਜਾ ਰਹੇ ਸਰਕਾਰੀ ਮੁਲਾਜ਼ਮਾਂ ਅਤੇ ਕਰਫ਼ਿਊ ਪਾਸ ਹੋਲਡਰਾਂ ਨੂੰ ਨਾ ਰੋਕਿਆ ਜਾਵੇ। ਜ਼ਰੂਰੀ ਵਸਤਾਂ ਲੈਣ ਜਾ ਰਹੇ ਲੋਕਾਂ ਅਤੇ ਜ਼ੋਮੈਟੋ ਮੁਲਾਜ਼ਮਾਂ ਨੂੰ ਵੀ ਪੁੱਛਗਿੱਛ ਉਪਰੰਤ ਜਾਣ ਦਿੱਤਾ ਜਾਵੇ। ਇਹ ਸਪਸ਼ਟ ਕਰ ਦਿੱਤਾ ਗਿਆ ਕਿ ਸਵੇਰੇ ਜਾਰੀ ਕੀਤੇ ਹੁਕਮਾਂ ’ਤੇ ਗੌਰ ਨਾ ਕੀਤੀ ਜਾਵੇ।