ਤਾਲਾਬੰਦੀ: ਹਜ਼ੂਰ ਸਾਹਿਬ ’ਚ ਫਸੇ ਦੋ ਹਜ਼ਾਰ ਤੋਂ ਵੱਧ ਸ਼ਰਧਾਲੂ

ਗੁਰਦਾਸਪੁਰ (ਸਮਾਜਵੀਕਲੀ)– ਮਹਾਰਾਸ਼ਟਰ ਦੇ ਹਜ਼ੂਰ ਸਾਹਿਬ (ਨਾਂਦੇੜ) ਵਿੱਚ ਪੰਜਾਬ ਦੇ ਦੋ ਹਜ਼ਾਰ ਤੋਂ ਵੱਧ ਸ਼ਰਧਾਲੂ ਲੌਕਡਾਊਨ ਕਾਰਨ ਫਸੇ ਹੋਏ ਹਨ। ਇਹ ਸ਼ਰਧਾਲੂ 22 ਮਾਰਚ ਦੇ ਨੇੜੇ ਵੱਖ-ਵੱਖ ਜਥਿਆਂ ਰਾਹੀਂ ਹਜ਼ੂਰ ਸਾਹਿਬ ਪਹੁੰਚੇ ਸਨ ਪਰ ਆਵਾਜਾਈ ਦੇ ਸਾਰੇ ਸਾਧਨਾਂ ’ਤੇ ਪਾਬੰਦੀ ਹੋਣ ਕਰ ਕੇ ਉੱਥੋਂ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਟਿਕੇ ਰਹਿਣ ਲਈ ਮਜਬੂਰ ਹਨ। ਦੋ ਦਿਨ ਪਹਿਲਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਕੇ ਮੰਤਰੀ ਦੇ 18 ਟਰੱਕ ਪੰਜਾਬ ਲਈ ਰਵਾਨਾ ਕੀਤੇ ਗਏ ਸਨ ਪਰ ਮੱਧ ਪ੍ਰਦੇਸ਼ ਬਾਰਡਰ ਤੋਂ ਅਗਾਂਹ ਜਾਣ ਦੀ ਆਗਿਆ ਨਾ ਮਿਲਣ ਤੇ ਸ਼ਰਧਾਲੂਆਂ ਨਾਲ ਭਰੇ ਇਹ ਟਰੱਕ ਪਰਤ ਆਏ। ਇਸ ਦੀ ਪੁਸ਼ਟੀ ਗੁਰਦੁਆਰੇ ਦੇ ਸੇਵਾਦਾਰ ਰਾਜਵਿੰਦਰ ਸਿੰਘ ਨੇ ਕੀਤੀ ਹੈ।

ਹਜ਼ੂਰ ਸਾਹਿਬ ਵਿੱਚ ਗੁਰਦੁਆਰੇ ਦੇ ਰਾਗੀ ਬਸੰਤ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਧੇਰੇ ਸੰਗਤ ਦੇ ਰਹਿਣ ਦਾ ਪ੍ਰਬੰਧ ਤਖ਼ਤ ਸੱਚਖੰਡ ਤੋਂ ਇਲਾਵਾ ਗੁਰਦੁਆਰਾ ਨਿਧਾਨ ਸਿੰਘ ਲੰਗਰ ਸਾਹਿਬ ਵਿੱਚ ਸਰਾਂਵਾਂ ਵਿੱਚ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਪੰਜਾਬ ਤੋਂ ਇਲਾਵਾ ਬਹੁਤ ਸਾਰੇ ਸ਼ਰਧਾਲੂ ਦਿੱਲੀ ਅਤੇ ਹੋਰਨਾਂ ਸੂਬਿਆਂ ਤੋਂ ਵੀ ਹਨ।

ਗੁਰਦੁਆਰਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਵਾਲਿਆਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਿਆਂ ਵਿੱਚ ਰਹਿਣ ਵਾਲੇ ਸ਼ਰਧਾਲੂਆਂ ਨੂੰ ਪ੍ਰਬੰਧਕਾਂ ਵੱਲੋਂ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ ਪਰ ਸ਼ਰਧਾਲੂ ਜਲਦੀ ਤੋਂ ਜਲਦੀ ਵਾਪਸ ਪਰਤਣਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਹਜ਼ੂਰ ਸਾਹਿਬ ਤੋਂ 48 ਸ਼ਰਧਾਲੂਆਂ ਨੂੰ ਲੈ ਕੇ ਇੱਕ ਟਰੱਕ ਗੁਰਦਾਸਪੁਰ ਪਹੁੰਚਣ ਵਿੱਚ ਸਫ਼ਲ ਰਿਹਾ ਸੀ। ਦੂਜੇ ਪਾਸੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਗਗਨਦੀਪ ਸਿੰਘ ਰਿਆੜ ਨੇ ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਰਧਾਲੂਆਂ ਦੀ ਘਰ ਵਾਪਸੀ ਲਈ ਜਲਦੀ ਪ੍ਰਬੰਧ ਕੀਤਾ ਜਾਵੇ।

ਭਾਜਪਾ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਸੰਸਦ ਮੈਂਬਰ ਸਨੀ ਦਿਓਲ ਨੇ ਨਾਂਦੇੜ ਦੇ ਸੰਸਦ ਮੈਂਬਰ ਪ੍ਰਤਾਪ ਰਾਓ ਪਾਟਿਲ ਚਿਖਲੀਕਰ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸ਼ਰਧਾਲੂਆਂ ਨੂੰ ਸੁਰੱਖਿਅਤ ਭੇਜਣ ਦਾ ਪ੍ਰਬੰਧ ਕਰਨ। ਉਨ੍ਹਾਂ ਦੱਸਿਆ ਕਿ ਨਾਂਦੇੜ ਦੇ ਸੰਸਦ ਮੈਂਬਰ ਨੇ ਇਹ ਵਿਸ਼ਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਸਾਹਮਣੇ ਰੱਖਿਆ ਹੈ।

Previous articleਰਾਸ਼ਨ ਲੈਣ ਵਾਸਤੇ ਸੈਂਕੜੇ ਲੋਕ ਡੀਸੀ ਦੀ ਕੋਠੀ ਪੁੱਜੇ
Next articleQuarantine completed for Grand Princess passengers in US