ਪਟਨਾ (ਸਮਾਜ ਵੀਕਲੀ) : ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਅੱਜ ਪਟਨਾ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਦੱਸਣਯੋਗ ਹੈ ਕਿ ਪਾਸਵਾਨ (74) ਨੇ ਵੀਰਵਾਰ ਸ਼ਾਮ ਨਵੀਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ। ਬੀਤੇ ਦਿਨ ਊਨ੍ਹਾਂ ਦੀ ਦੇਹ ਇੱਥੇ ਲਿਆਂਦੀ ਗਈ ਸੀ।
ਸ਼ਹਿਰ ਵਿੱਚ ਗੰਗਾ ਕਿਨਾਰੇ ਘਾਟ ’ਤੇ ਵੱਡੀ ਗਿਣਤੀ ਲੋਕਾਂ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਤੇ ਹੋਰ ਆਗੂਆਂ ਨੇ ਇਸ ਹਰਮਨ-ਪਿਆਰੇ ਆਗੂ ਨੂੰ ਅੰਤਿਮ ਵਿਦਾਈ ਦਿੱਤੀ। ਪਹਿਲਾਂ ਪਾਸਵਾਨ ਦੀ ਦੇਹ ਨੂੰ ਕਾਫ਼ਲੇ ਦੇ ਰੂਪ ਵਿੱਚ ਊਨ੍ਹਾਂ ਦੀ ਰਿਹਾਇਸ਼ ਸ੍ਰੀ ਕ੍ਰਿਸ਼ਨਾ ਪੁੁਰੀ ਤੋਂ ਦੀਘਾ ਖੇਤਰ ਸਥਿਤ ਜਨਾਰਦਨ ਘਾਟ ਲਿਆਂਦਾ ਗਿਆ। ਊਨ੍ਹਾਂ ਦੀ ਚਿਖਾ ਨੂੰ ਅਗਨੀ ਊਨ੍ਹਾਂ ਦੇ ਪੁੱਤਰ ਚਿਰਾਗ ਪਾਸਵਾਸ ਨੇ ਦਿਖਾਈ।
ਜਨ ਲੋਕਸ਼ਕਤੀ ਪਾਰਟੀ ਦੇ ਬਾਨੀ ਅਤੇ ਵੱਡੇ ਦਲਿਤ ਆਗੂ ਰਾਮ ਵਿਲਾਸ ਪਾਸਵਾਨ ਨੇ 1969 ਵਿੱਚ ਪਹਿਲੀ ਵਾਰ ਵਿਧਾਇਕ ਬਣ ਕੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਊਨ੍ਹਾਂ ਦੇਸ਼ ਦੇ ਛੇ ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਸੀ।