ਸੁਪਰੀਮ ਕੋਰਟ ਵੱਲੋਂ ਅਯੁੱਧਿਆ ਮਾਮਲੇ ’ਚ ਸੁਣਵਾਈ ਟਾਲਣ ਮਗਰੋਂ ਇਸ ਮੁੱਦੇ ’ਤੇ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇੱਕ ਪਾਸੇ ਸੰਤ ਸਮਾਜ ਦਿੱਲੀ ’ਚ ‘ਧਰਮਾਦੇਸ਼’ ਸਮਾਗਮ ਕਰਕੇ ਮੋਦੀ ਸਰਕਾਰ ’ਤੇ ਰਾਮ ਮੰਦਰ ਦੀ ਉਸਾਰੀ ਲਈ ਆਰਡੀਨੈਂਸ ਲਿਆਉਣ ਦਾ ਦਬਾਅ ਬਣਾ ਰਿਹਾ ਹੈ ਤੇ ਭਾਜਪਾ ਆਗੂ ਵੀ ਇਸ ਦੀ ਹਮਾਇਤ ’ਚ ਖੁੱਲ੍ਹ ਕੇ ਬੋਲ ਰਹੇ ਹਨ। ਦੂਜੇ ਪਾਸੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐੱਮਪੀਐੱਲਬੀ) ਨੇ ਇਸ ’ਤੇ ਚਿੰਤਾ ਜ਼ਾਹਰ ਕੀਤੀ ਹੈ। ਉਸ ਨੇ ਆਰਐੱਸਐੱਸ ਦੇ 1992 ਜਿਹਾ ਅੰਦੋਲਨ ਸ਼ੁਰੂ ਕਰਨ ਦੇ ਇਰਾਦੇ ਨੂੰ ਦੇਸ਼ ਲਈ ਖਤਰਨਾਕ ਦੱਸਿਆ ਹੈ।
ਨਵੀਂ ਦਿੱਲੀ ’ਚ ਸੰਤਾਂ ਦੇ ਧਰਮਾਦੇਸ਼ ਸਮਾਗਮ ’ਚ ਪਹੁੰਚੇ ਧਾਰਮਿਕ ਆਗੂ ਸ੍ਰੀਸ੍ਰੀ ਰਵੀਸ਼ੰਕਰ ਨੇ ਕਿਹਾ ਦੇਸ਼ ਦੇ ਲੱਖਾਂ ਲੋਕ ਚਾਹੁੰਦੇ ਹਨ ਕਿ ਅਯੁੱਧਿਆ ’ਚ ਮੰਦਰ ਬਣੇ। ਦੋ ਰੋਜ਼ਾ ਧਰਮ ਸੰਸਦ ਦੇ ਆਖਰੀ ਦਿਨ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸ਼ਬਰੀਮਾਲਾ ’ਤੇ ਫ਼ੈਸਲਾ ਦਿੱਤਾ। ਉਸ ਨਾਲ ਲੋਕਾਂ ਨਾਲ ਦੁੱਖ ਹੋਇਆ ਅਤੇ ਅਯੁੱਧਿਆ ਬਾਰੇ ਫ਼ੈਸਲਾ ਨਹੀਂ ਦਿੱਤਾ ਤੇ ਇਸ ਨਾਲ ਵੀ ਲੋਕਾਂ ਨੂੰ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਮੰਦਰ ਦੀ ਉਸਾਰੀ ਲਈ ਉਹ ਪ੍ਰਾਰਥਨਾ ਤੇ ਕੋਸ਼ਿਸ਼, ਦੋਵੇਂ ਰਾਹ ਅਪਣਾਉਣਗੇ। ਧਰਮ ਸੰਸਦ ਦੇ ਆਗੂਆਂ ਨੇ ਅੱਜ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਬਾਰੇ ਜਲਦੀ ਹੀ ਆਰਡੀਨੈਂਸ ਜਾਂ ਕਾਨੂੰਨ ਲਿਆਂਦਾ ਜਾਵੇ।
ਏਆਈਐੱਮਪੀਐੱਲਬੀ ਨੇ ਕਿਹਾ ਕਿ ਮੰਦਰ ਦੀ ਉਸਾਰੀ ਲਈ ਤੇਜ਼ ਹੋਈਆਂ ਗਤੀਵਿਧੀਆਂ ਸਿਆਸਤ ਤੋਂ ਪ੍ਰੇਰਿਤ ਹਨ। ਬੋਰਡ ਦੇ ਜਨਰਲ ਸਕੱਤਰ ਮੌਲਾਨਾ ਵਲੀ ਰਹਿਮਾਨੀ ਨੇ ਕਿਹਾ ਕਿ ਇਹ ਸਾਰਾ ਕੁਝ 2019 ਦੀਆਂ ਲੋਕ ਸਭਾ ਦੇ ਮੱਦੇਨਜ਼ਰ ਦਬਾਅ ਬਣਾਉਣ ਲਈ ਕੀਤਾ ਜਾ ਰਿਹਾ ਹੈ। ਮੰਦਰ ਦੇ ਨਿਰਮਾਣ ਲਈ 1992 ਵਰਗਾ ਅੰਦੋਲਨ ਸ਼ੁਰੂ ਕਰਨ ਦੇ ਸੰਘ ਦੇ ਇਰਾਦੇ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸੰਘ ਅੰਦੋਲਨ ਸ਼ੁਰੂ ਕਰਦਾ ਹੈ ਤਾਂ ਇਹ ਬਹੁਤ ਖਤਰਨਾਕ ਹੋਵੇਗਾ ਤੇ ਇਸ ਨਾਲ ਦੇਸ਼ ਵਿੱਚ ਅਰਾਜਕਤਾ ਫੈਲੇਗੀ। ਉਨ੍ਹਾਂ ਕਿਹਾ, ‘1992 ’ਚ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਨਫਰਤ ਇੰਨੀ ਜ਼ਿਆਦਾ ਨਹੀਂ ਸੀ, ਜਿੰਨੀ ਹੁਣ ਹੈ। ਕੁਝ ਕਾਨੂੰਨ ਮਾਹਿਰਾਂ ਅਨੁਸਾਰ ਇਸ ਮਸਲੇ ’ਤੇ ਹੁਣ ਕੋਈ ਆਰਡੀਨੈਂਸ ਜਾਂ ਸੰਸਦ ਦਾ ਕਾਨੂੰਨ ਨਹੀਂ ਆ ਸਕਦਾ। ਹੁਣ ਸਰਕਾਰ ਕੀ ਕਰੇਗੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।’ ਇਸੇ ਦਰਮਿਆਨ ਜਮੀਅਤ ਉਲਮਾ-ਏ-ਹਿੰਦ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਮੌਲਾਨਾ ਅਸ਼ਹਦ ਰਸ਼ੀਦੀ ਨੇ ਕਿਹਾ ਕਿ ਮਾਮਲਾ ਅਦਾਲਤ ਵਿੱਚ ਹੈ। ਸਾਰਿਆਂ ਨੂੰ ਫ਼ੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ।
ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਜਦੋਂ ਵੀ ਸਮਾਂ ਆਵੇਗਾ ਅਯੁੱਧਿਆ ’ਚ ਵੱਡਾ ਰਾਮ ਮੰਦਰ ਵੀ ਬਣਾਇਆ ਜਾਵੇਗਾ ਤੇ ਇਸ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਰਾਮ ਲੱਲਾ ਦੀ ਜਨਮ ਭੂਮੀ ’ਤੇ ਬਾਬਰ ਦੇ ਨਾਂ ਦੀ ਇੱਕ ਇੱਟ ਵੀ ਨਹੀਂ ਲੱਗਣ ਦਿੱਤੀ ਜਾਵੇਗੀ।
ਕੇਂਦਰੀ ਮੰਤਰੀ ਉਮਾ ਭਾਰਤੀ ਨੇ ਕਿਹਾ ਕਿ ਹਿੰਦੂ ਦੁਨੀਆਂ ਦੇ ਸਭ ਤੋਂ ਵੱਧ ਸਹਿਣਸ਼ੀਲ ਲੋਕ ਹਨ, ਪਰ ਅਯੁੱਧਿਆ ’ਚ ਰਾਮ ਮੰਦਰ ਦੀ ਪੈਰੀਫੇਰੀ ’ਚ ਮਸਜਿਦ ਦੀ ਉਸਾਰੀ ਦੀ ਗੱਲ ਉਨ੍ਹਾਂ ਨੂੰ ਅਸਹਿਣਸ਼ੀਲ ਬਣਾ ਸਕਦੀ ਹੈ। ਉਮਾ ਭਾਰਤੀ ਨੇ ਕਾਂਗਰਸ ਮੁਖੀ ਰਾਹੁਲ ਗਾਂਧੀ ਨੂੰ ਵੀ ਸੱਦਾ ਦਿੱਤਾ ਕਿ ਉਹ ਵੀ ਉਨ੍ਹਾਂ ਨਾਲ ਆ ਕੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ।
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਦੁਨੀਆਂ ਦੀ ਕੋਈ ਵੀ ਤਾਕਤ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਤੇ ਅਦਾਲਤ ਨੂੰ ਅੱਗੇ ਆ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ। ਮੰਦਰ ਉਸਾਰੀ ’ਚ ਹੋ ਰਹੀ ਦੇਰੀ ਨਾਲ ਲੋਕਾਂ ’ਚ ਰੋਹ ਭਖ਼ ਰਿਹਾ ਹੈ। ਅਯੁੱਧਿਆ ਦੇ ਤਪੱਸਵੀ ਚਾਵਨੀ ਮੰਦਰ ਦੇ ਮਹੰਤ ਸਵਾਮੀ ਪਰਮਹੰਸ ਦਾਸ ਨੇ ਅੱਜ ਚਿਤਾਵਨੀ ਦਿੱਤੀ ਕਿ ਜੇਕਰ ਰਾਮ ਮੰਦਰ ਦੀ ਉਸਾਰੀ ਬਾਰੇ ਅਧਿਕਾਰਤ ਐਲਾਨ ਨਾ ਕੀਤਾ ਗਿਆ ਤਾਂ ਉਹ ਛੇ ਦਸੰਬਰ ਨੂੰ ਆਤਮ ਦਾਹ ਕਰ ਲੈਣਗੇ। ਉਨ੍ਹਾਂ ਨੇ 6 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਵਰਤ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਰਾਜਸਥਾਨ ਦੇ ਜੈਪੁਰ ’ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਦਾ ਮਾਮਲਾ ਸੁਪਰੀਮ ਕੋਰਟ ਦੇ ਧਿਆਨ ’ਚ ਹੈ ਅਤੇ ਜੇਕਰ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਹੁੰਦੀ ਹੈ ਤਾਂ ਉਹ ਖੁਦ ਉੱਥੇ ਦੀਵਾ ਬਾਲਣ ਜਾਣਗੇ।
INDIA ਰਾਮ ਮੰਦਰ ਬਾਰੇ ਆਰਡੀਨੈਂਸ ਲਿਆਏ ਸਰਕਾਰ: ਧਰਮ ਸੰਸਦ