ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਲਖਨਊ, (ਸਮਾਜ ਵੀਕਲੀ): ਰਾਮ ਮੰਦਰ ਟਰੱਸਟ ਦੇ ਮੁਖੀ ਮਹੰਤ ਨ੍ਰਿਤਿਆ ਗੋਪਾਲ ਦਾਸ (80) ਨੂੰ ਕਰੋਨਾਵਾਇਰਸ ਹੋ ਗਿਆ ਹੈ। ਉਨ੍ਹਾਂ ਨੂੰ ਤੁਰੰਤ ਗੁੜਗਾਉਂ ਦੇ ਮੇਦਾਂਤਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਮਥੁਰਾ ਦੇ ਜ਼ਿਲ੍ਹਾ ਮੈਜਿਸਟਰੇਟ ਸਰਵਗਿਆ ਰਾਮ ਮਿਸ਼ਰਾ ਨੇ ਦੱਸਿਆ ਕਿ ਮਹੰਤ ਦਾਸ ਨੂੰ ਅੱਜ ਸਵੇਰੇ ਕੁਝ ਦਿੱਕਤ ਮਹਿਸੂਸ ਹੋ ਰਹੀ ਸੀ ਜਿਸ ਮਗਰੋਂ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਕੋਵਿਡ-19 ਟੈਸਟ ਕੀਤਾ ਸੀ।

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੇਦਾਂਤਾ ਹਸਪਤਾਲ ਦੇ ਚੇਅਰਮੈਨ ਅਤੇ ਐੱਮਡੀ ਡਾਕਟਰ ਨਰੇਸ਼ ਤ੍ਰੇਹਨ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਕਿਹਾ ਹੈ। ਉਨ੍ਹਾਂ ਜ਼ਿਲ੍ਹਾ ਮੈਜਿਸਟਰੇਟ ਨੂੰ ਵੀ ਕਿਹਾ ਕਿ ਉਹ ਮਹੰਤ ਦੇ ਇਲਾਜ ਲਈ ਹਰਸੰਭਵ ਕੋਸ਼ਿਸ਼ ਕਰਨ। ਨ੍ਰਿਤਿਆ ਦਾਸ, ਜੋ ਸ੍ਰੀ ਕ੍ਰਿਸ਼ਨ ਜਨਮਭੂਮੀ ਨਿਆਸ ਦੇ ਪ੍ਰਧਾਨ ਵੀ ਹਨ, ਬੁੱਧਵਾਰ ਰਾਤ ਡੇਢ ਵਜੇ ਤੱਕ ਸ੍ਰੀ ਕ੍ਰਿਸ਼ਨ ਦੇ ਜਨਮ ਅਸਥਾਨ ਮਥੁਰਾ ’ਚ ਸਨ।

ਪਿਛਲੇ ਕੁਝ ਦਿਨਾਂ ’ਚ ਉਨ੍ਹਾਂ ਦੇ ਸੰਪਰਕ ’ਚ ਆਏ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹੰਤ ਦਾਸ ਨੇ 5 ਅਗਸਤ ਨੂੰ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਲਈ ਹੋਏ ਭੂਮੀ ਪੂਜਨ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਪਾਲ ਆਨੰਦੀਬੇਨ ਪਟੇਲ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕੀਤਾ ਸੀ।

Previous articleਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ
Next articleਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ