ਰਾਮਪੁਰਾ ਦਾ ਚਾਨਣ ਮੁਨਾਰਾ ਚਮਕਿਆ

ਫਾਜ਼ਿਲਕਾ – ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਮਪੁਰਾ ਫਾਜ਼ਿਲਕਾ ਅਬੋਹਰ ਹਾਈਵੇਅ ਰੋਡ ਦੇ ਬਿਲਕੁਲ ਉੱਪਰ ਸਥਿਤ ਹੈ। ਸਕੂਲ ਦੀ ਦਿੱਖ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪਹਿਲਾਂ ਸਕੂਲ ਦੀ ਆਲੇ-ਦੁਆਲੇ ਦੀ ਜ਼ਮੀਨ ਠੇਕੇ ’ਤੇ ਦੇ ਕੇ ਖੇਤੀ ਕੀਤੀ ਜਾਂਦੀ ਸੀ ਅਤੇ ਬੱਚਿਆਂ ਦੇ ਖੇਡਣ ਲਈ ਕੋਈ ਗਰਾਊਂਡ ਨਹੀਂ ਸੀ ਪਰ ਸਕੂਲ ਸਟਾਫ ਅਤੇ ਪੰਚਾਇਤ ਦੀ ਕੋਸ਼ਿਸ਼ ਸਦਕਾ ਸਕੂਲ ਵਿਚ ਘਾਹ ਲਗਵਾ ਕੇ ਸੁੰਦਰ ਪਾਰਕ ਅਤੇ ਖੇਡ ਦਾ ਮੈਦਾਨ ਬਣਵਾ ਦਿੱਤਾ ਗਿਆ ਹੈ। ਸਟਾਫ ਦੀ ਮਿਹਨਤ ਸਦਕਾ ਸਕੂਲ ਦੇ ਬੱਚਿਆਂ ਦਾ ਨਤੀਜਾ 100 ਫ਼ੀਸਦੀ ਰਹਿੰਦਾ ਹੈ। ਸਕੂਲ ਦੇ ਅਧਿਆਪਕ ਰਿਸ਼ੂ ਸੇਠੀ ਅਤੇ ਸੁਨਿਤਾ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਹੈ। ਸਕੂਲ ਵਿੱਚ ਸਾਹਿਤਕ ਕਿਤਾਬਾਂ ਲਈ ਲਾਇਬ੍ਰੇਰੀ ਅਤੇ ਸਕੂਲ ਹਰਿਆ-ਭਰਿਆ ਅਤੇ ਆਕਰਸ਼ਕ ਹੈ।
ਸਮਾਰਟ ਕਲਾਸਰੂਮ ਜਿਸ ਵਿੱਚ 2 ਐਲਈਡੀ ਲੱਗੀਆਂ ਹੋਈਆਂ ਹਨ। ਸਕੂਲ ਦੀਆਂ ਦੀਵਾਰਾਂ ’ਤੇ ਸੁੰਦਰ ਚਿੱਤਰਕਾਰੀ ਕੀਤੀ ਹੋਈ ਹੈ ਜੋ ਸਕੂਲ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਂਦੀਆਂ ਹਨ। ਇਸ ਸਮੇਂ ਸਕੂਲ ਵਿੱਚ 6 ਅਧਿਆਪਕ ਅਤੇ ਪ੍ਰੀ-ਪ੍ਰਾਇਮਰੀ ਸਮੇਤ 127 ਬੱਚੇ ਪੜ੍ਹ ਰਹੇ ਹਨ। ਹਰ ਸਾਲ ਸਕੂਲ ਦੀਆਂ ਵਿੱਦਿਅਕ ਅਤੇ ਸਹਿਵਿਦਿਅਕ ਮੁਕਬਲਿਆਂ ਵਿਚ ਕਈ ਉਪਲਬਧੀਆਂ ਹਨ। ਸਕੂਲ ਦੇ ਅਧਿਆਪਕਾਂ ਦੱਸਿਆ ਕਿ ਸਕੂਲ ਦੀ ਕਮੇਟੀ ਦੇ ਚੇਅਰਮੈਨ ਸੂਰਜਾ ਰਾਮ ਅਤੇ ਸਰਪੰਚ ਦੌਲਤ ਰਾਮ ਦਾ ਸਕੂਲ ਨੂੰ ਵਿਸ਼ੇਸ਼ ਯੋਗਦਾਨ ਹੈ। ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸਾਥੀ ਚਰਨਜੀਤ ਛਾਂਗਾ ਰਾਏ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਵਧੀਆ ਮਨਮੋਹਿਕ ਅਤੇ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਦੇਣ ਲਈ ਅਧਿਆਪਕਾਂ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।

Previous articleਗੁਰੂ ਰਵਿਦਾਸ ਜੈਅੰਤੀ ਮੌਕੇ ਸੰਵਿਧਾਨ ਦੀ ਰਾਖੀ ਦਾ ਸੱਦਾ
Next articleਜੇ ਥੋਨੂੰ ਸਾਡੀ ਲੋੜ ਨਹੀਂ, ਸਾਨੂੰ ਵੀ ਕੋਈ ਥੋੜ ਨਹੀਂ