ਬੰਗਲੁਰੂ (ਸਮਾਜਵੀਕਲੀ): ਜੇਡੀ(ਐੱਸ) ਆਗੂ ਐਚਡੀ ਦੇਵਗੌੜਾ ਨੇ ਕਰਨਾਟਕ ਵਿਚ 19 ਜੂਨ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਕਾਗਜ਼ ਦਾਖ਼ਲ ਕਰਨ ਮੌਕੇ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਨਾਲ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਤੇ ਹੋਰ ਪਾਰਟੀ ਆਗੂ ਹਾਜ਼ਰ ਸਨ।
ਜੇਡੀਐੱਸ ਨੇ ਸੋਮਵਾਰ ਐਲਾਨ ਕੀਤਾ ਸੀ ਕਿ ਦੇਵਗੌੜਾ ਰਾਜ ਸਭਾ ਚੋਣ ਲੜ ਰਹੇ ਹਨ। ਕੁਮਾਰਸਵਾਮੀ ਨੇ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਚੋਣ ਲੜਨ ਲਈ ਵਿਸ਼ੇਸ਼ ਤੌਰ ’ਤੇ ਬੇਨਤੀ ਕੀਤੀ ਹੈ। ਭਾਜਪਾ ਦੇ ਏਰੰਨਾ ਕਡਾਡੀ ਤੇ ਅਸ਼ੋਕ ਗਸਤੀ ਨੇ ਵੀ ਪਾਰਟੀ ਉਮੀਦਵਾਰਾਂ ਵਜੋਂ ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰੀਆਂ ਹਨ।
ਇਸ ਮੌਕੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਤੇ ਪਾਰਟੀ ਦੇ ਸੂਬਾ ਪ੍ਰਧਾਨ ਨਲਿਨ ਕੁਮਾਰ ਕਤੀਲ ਹਾਜ਼ਰ ਸਨ।