ਨਵੀਂ ਦਿੱਲੀ : ਉੱਤਰ ਪ੍ਰਦੇਸ਼ ‘ਚ ਫਿਰ ਤੋਂ ਖੜ੍ਹਾ ਹੋਣ ਦੀ ਕੋਸ਼ਿਸ਼ ਕਰ ਰਹੀ ਕਾਂਗਰਸ ਨੇ ਸੋਮਵਾਰ ਰਾਤ ਆਪਣੇ ਪ੍ਰਦੇਸ਼ ਪ੍ਰਧਾਨ ਨੂੰ ਬਦਲ ਕੇ ਇਸਦੀ ਸ਼ੁਰੂਆਤ ਕਰ ਦਿੱਤੀ। ਪਾਰਟੀ ਨੇ ਰਾਜ ਬੱਬਰ ਨੂੰ ਹਟਾ ਕੇ ਹੁਣ ਸੂਬੇ ਦੀ ਕਮਾਨ ਅਜੈ ਕੁਮਾਰ ਲੱਲੂ ਨੂੰ ਸੌਂਪ ਦਿੱਤੀ ਹੈ। ਅਰਾਧਨਾ ਮਿਸ਼ਰਾ ਨੂੰ ਅਜੈ ਕੁਮਾਰ ਦੀ ਥਾਂ ਵਿਧਾਇਕ ਦਲ ਦਾ ਨੇਤਾ ਬਣਾਇਆ ਗਿਆ ਹੈ। ਇਸਦੇ ਨਾਲ ਹੀ ਪਾਰਟੀ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ ਤੇ ਸਕੱਤਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਐਨ ਚੋਣਾਂ ਮੌਕੇ ਸਮਾਜਵਾਦੀ ਪਾਰਟੀ ਤੋਂ ਕਾਂਗਰਸ ‘ਚ ਆਏ ਰਾਕੇਸ਼ ਸਚਾਨ ਸਮੇਤ 12 ਲੋਕਾਂ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਜਦਕਿ 24 ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ। ਅਜੈ ਦੋ ਵਾਰੀ ਤੋਂ ਕੁਸ਼ੀਨਗਰ ਜ਼ਿਲ੍ਹੇ ਦੀ ਤਮਕੁਈ ਰਾਜ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਉਨ੍ਹਾਂ ਨੂੰ ਪਾਰਟੀ ਦੀ ਜਨਰਲ ਸਕੱਤਰ ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪਿ੍ਰਅੰਕਾ ਗਾਂਧੀ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਦੱਸਣਯੋਗ ਹੈ ਕਿ ਚੋਣਾਂ ‘ਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਰਾਜ ਬੱਬਰ ਨੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ। ਉਹ ਖੁਦ ਆਗਰਾ ਦੇ ਨਜ਼ਦੀਕ ਫਤਿਹਪੁਰ ਸੀਕਰੀ ਸੰਸਦੀ ਸੀਟ ਤੋਂ ਚੋਣ ਲੜੇ ਸਨ, ਪਰ ਉਨ੍ਹਾਂ ਨੂੰ ਵੀ ਹਾਰ ਦਾ ਮੂੁੰਹ ਦੇਖਣਾ ਪਿਆ ਸੀ। ਸੂਬੇ ‘ਚ ਪਾਰਟੀ ਦੀ ਮਾੜੀ ਹਾਲਤ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਤੱਤਕਾਲੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵੀ ਆਪਣੀ ਰਵਾਇਤੀ ਅਮੇਠੀ ਸੀਟ ਨਹੀਂ ਬਚਾ ਸਕੇ ਸਨ। ਪੂਰੇ ਸੂਬੇ ‘ਚ ਸਿਰਫ਼ ਕਾਂਗਰਸ ਨੂੰ ਇਕ ਸੀਟ ਮਿਲੀ ਸੀ। ਰਾਏ ਬਰੇਲੀ ਸੰਸਦੀ ਖੇਤਰ ਤੋਂ ਸੋਨੀਆ ਗਾਂਧੀ ਨੇ ਜਿੱਤ ਹਾਸਲ ਕੀਤੀ ਸੀ।
HOME ਰਾਜ ਬੱਬਰ ਹਟਾਏ ਗਏ, ਅਜੈ ਕੁਮਾਰ ਲੱਲੂ ਹੋਣਗੇ ਉੱਤਰ ਪ੍ਰਦੇਸ਼ ਕਾਂਗਰਸ ਦੇ...