ਮਦਰਾਸ ਹਾਈ ਕੋਰਟ ਨੇ ਰਾਜੀਵ ਗਾਂਧੀ ਕਤਲ ਕਾਂਡ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ੍ਰੀਹਰਨ ਨੂੰ ਛੁੱਟੀ ਦੀ ਅਰਜ਼ੀ ’ਤੇ ਬਹਿਸ ਕਰਨ ਲਈ ਪੰਜ ਜੁਲਾਈ ਨੂੰ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਨਲਿਨੀ ਨੇ ਆਪਣੀ ਲੜਕੀ ਦੇ ਵਿਆਹ ਦੇ ਪ੍ਰਬੰਧ ਕਰਨ ਲਈ ਛੇ ਮਹੀਨੇ ਦੀ ਛੁੱਟੀ ਮੰਗੀ ਹੈ। ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਐੱਮ ਨਿਰਮਲ ਕੁਮਾਰ ’ਤੇ ਆਧਾਰਿਤ ਬੈਂਚ ਨੇ ਨਲਿਨੀ ਨੂੰ ਆਪਣੀ ਅਰਜ਼ੀ ’ਤੇ ਬਹਿਸ ਕਰਨ ਲਈ ਪੰਜ ਜੁਲਾਈ ਨੂੰ ਦੁਪਹਿਰ ਸਵਾ ਦੋ ਵਜੇ ਪੇਸ਼ ਹੋਣ ਲਈ ਆਖਿਆ ਹੈ। ਕਰੀਬ 27 ਸਾਲਾਂ ਤੋਂ ਜੇਲ੍ਹ ਵਿਚ ਬੰਦ ਨਲਿਨੀ ਨੇ ਵੇਲੋਰ ’ਚ ਮਹਿਲਾਵਾਂ ਲਈ ਬਣਾਈ ਵਿਸ਼ੇਸ਼ ਜੇਲ੍ਹ ਦੇ ਪੁਲੀਸ ਮੁਖੀ ਵੱਲੋਂ ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਨਿਰਦੇਸ਼ ਦਾ ਵਿਚ ਵਿਰੋਧ ਕੀਤਾ ਸੀ ਤਾਂ ਕਿ ਉਹ ਆਪ ਨਿੱਜੀ ਤੌਰ ’ਤੇ ਅਦਾਲਤ ਵਿਚ ਆਪਣਾ ਪੱਖ ਰੱਖ ਸਕੇ। 11 ਜੂਨ ਨੂੰ ਅਦਾਲਤ ਨੇ ਗ਼ੌਰ ਕੀਤਾ ਕਿ ਅਰਜ਼ੀ ’ਤੇ ਬਹਿਸ ਕਰਨ ਲਈ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਨਲਿਨੀ ਦੇ ਅਧਿਕਾਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਲਿਨੀ ਅਨੁਸਾਰ ਉਮਰ ਕੈਦ ਦੀ ਸਜ਼ਾ ਵਾਲਾ ਵਿਅਕਤੀ ਦੋ ਸਾਲ ਵਿਚ ਇਕ ਵਾਰ ਇਕ ਮਹੀਨੇ ਦੀ ਛੁੱਟੀ ਦਾ ਹੱਕਦਾਰ ਹੈ ਤੇ 27 ਸਾਲ ਤੋਂ ਵੱਧ ਸਮੇਂ ਵਿਚ ਉਸ ਵੱਲੋਂ ਅਜਿਹੀ ਛੁੱਟੀ ਨਾ ਲੈਣ ਕਰਕੇ ਉਸ ਨੇ ਜੇਲ੍ਹ ਅਧਿਕਾਰੀਆਂ ਨੂੰ ਛੇ ਮਹੀਨੇ ਦੀ ਛੁੱਟੀ ਦੇਣ ਦੀ ਅਪੀਲ ਕੀਤੀ ਸੀ ਤਾਂ ਕਿ ਉਹ ਆਪਣੀ ਲੜਕੀ ਦੇ ਵਿਆਹ ਦੇ ਪ੍ਰਬੰਧ ਕਰ ਸਕੇ। ਇਸ ਮਗਰੋਂ ਨਲਿਨੀ ਦੀ ਮਾਂ ਨੇ ਵੀ 22 ਮਾਰਚ ਨੂੰ ਅਜਿਹੀ ਹੀ ਅਪੀਲ ਕੀਤੀ ਸੀ। ਅਧਿਕਾਰੀਆਂ ਨੇ ਉਸਦੀ ਅਰਜ਼ੀ ’ਤੇ ਗ਼ੌਰ ਨਹੀਂ ਕੀਤੀ ,ਜਿਸ ਕਾਰਨ ਨਲਿਨੀ ਨੂੰ ਹਾਈ ਕੋਰਟ ਜਾਣਾ ਪਿਆ।
INDIA ਰਾਜੀਵ ਗਾਂਧੀ ਕਤਲ ਕਾਂਡ: ਅਦਾਲਤ ਨੇ ਨਲਿਨੀ ਨੂੰ ਬਹਿਸ ਦੀ ਆਗਿਆ ਦਿੱਤੀ